ਅੰਮ੍ਰਿਤਸਰ: ਮਸ਼ਹੂਰ ਸੂਫ਼ੀ ਗਾਇਕ ਪਿਆਰੇ ਲਾਲ ਵਡਾਲੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਅਤੇ ਬੀਤੇ ਜੂਨ ਮਹੀਨੇ ਵਿੱਚ ਕਤਲ ਕੀਤੇ ਗਏ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦੀ ਧੀ ਨੂੰ ਪੰਜਾਬ ਸਰਕਾਰ ਨੇ ਨੌਕਰੀ ਦੇ ਦਿੱਤੀ ਹੈ। ਨਿਯੁਕਤੀ ਪੱਤਰ ਦਿੰਦਿਆਂ ਕੈਬਨਿਟ ਮੰਤਰੀ ਓ.ਪੀ. ਸੋਨੀ ਨੇ ਕੌਂਸਲਰ ਦੇ ਪਰਿਵਾਰ ਅਤੇ ਨਵਜੋਤ ਸਿੰਘ ਸਿੱਧੂ ਨੇ ਰੇਲ ਹਾਦਸਾ ਪੀੜਤਾਂ ਦੀ ਮਾਲੀ ਮਦਦ ਦਾ ਐਲਾਨ ਵੀ ਕੀਤਾ।


ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦਾ ਬੀਤੀ ਦੋ ਜੂਨ ਨੂੰ ਕਤਲ ਕਰ ਦਿੱਤਾ ਗਿਆ ਸੀ। ਵੀਰਵਾਰ ਸ਼ਾਮ ਨੂੰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਓ.ਪੀ. ਸੋਨੀ ਨੇ ਮ੍ਰਿਤਕ ਗੁਰਦੀਪ ਪਹਿਲਵਾਨ ਦੇ ਘਰ ਜਾ ਕੇ ਉਸ ਦੀ ਬੇਟੀ ਨੂੰ ਨਗਰ ਨਿਗਮ ਵਿੱਚ ਸਰਕਾਰੀ ਨੌਕਰੀ ਲਈ ਨਿਯੁਕਤੀ ਪੱਤਰ ਸੌਂਪਿਆ। ਮੰਤਰੀਆਂ ਨੇ ਐਲਾਨ ਕੀਤਾ ਕਿ ਜਦ ਪਹਿਲਵਾਨ ਦਾ ਪੁੱਤਰ ਬਾਲਗ ਹੋ ਜਾਵੇਗਾ ਤਾਂ ਉਸ ਨੂੰ ਵੀ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਸ ਮੌਕੇ ਸੋਨੀ ਨੇ ਇਹ ਐਲਾਨ ਵੀ ਕੀਤਾ ਕਿ ਉਹ ਆਪਣੀ ਨਿਜੀ ਆਮਦਨ ਵਿੱਚੋਂ ਕੌਂਸਲਰ ਦੇ ਪਰਿਵਾਰ ਨੂੰ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਲੀ ਮਦਦ ਦੇਣਗੇ।

ਇਸੇ ਤਰ੍ਹਾਂ ਬੀਤੇ ਮਾਰਚ ਦੌਰਾਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਮਸ਼ਹੂਰ ਸੂਫ਼ੀ ਗਾਇਕ ਪਿਆਰੇ ਲਾਲ ਵਡਾਲੀ ਦੇ ਪੁੱਤਰ ਸੰਦੀਪ ਸਿੰਘ ਨੂੰ ਵੀ ਪੰਜਾਬ ਸਰਕਾਰ ਵੱਲੋਂ ਨਿਯੁਕਤੀ ਪੱਤਰ ਦਿੱਤਾ ਗਿਆ ਹੈ। ਦੋਵਾਂ ਨੂੰ ਛੇਤੀ ਹੀ ਸਬੰਧਤ ਵਿਭਾਗ ਵਿੱਚ ਜੁਆਇਨ ਵੀ ਕਰਵਾ ਲਿਆ ਜਾਵੇਗਾ।

ਇਸ ਮੌਕੇ ਨਵਜੋਤ ਸਿੱਧੂ ਨੇ ਐਲਾਨ ਕੀਤਾ ਹੈ ਕਿ ਬੀਤੀ 19 ਅਕਤੂਬਰ ਨੂੰ ਰੇਲ ਹਾਦਸੇ ਵਿੱਚ ਮਾਰੇ 59 ਵਿਅਕਤੀਆਂ ਵਿੱਚੋਂ ਪੰਜ ਪਰਿਵਾਰ ਅਜਿਹੇ ਹਨ, ਜਿਨ੍ਹਾਂ ਦਾ ਕਮਾਉਣ ਵਾਲਾ ਕੋਈ ਜੀਅ ਨਹੀਂ ਬਚਿਆ ਹੈ। ਇਨ੍ਹਾਂ ਪਰਿਵਾਰਾਂ ਨੂੰ ਸਿੱਧੂ ਪਰਿਵਾਰ ਹਰ ਮਹੀਨੇ ਆਪਣੀ ਜੇਬ ਵਿਚੋਂ ਅੱਠ-ਅੱਠ ਹਜ਼ਾਰ ਰੁਪਏ ਮਾਲੀ ਸਹਾਇਦਾ ਦੇਣਗੇ। ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਇਨ੍ਹਾਂ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਵੀ ਡਾਕਖਾਨੇ ਵਿੱਚ ਇਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਜਾਣਗੇ। ਡਾਕਖਾਨੇ ਤੋਂ ਇਨ੍ਹਾਂ ਨੂੰ ਲਗਪਗ ਤਿੰਨ ਹਜ਼ਾਰ ਰੁਪਏ ਮਹੀਨਾਵਾਰ ਵਿਆਜ ਮਿਲੇਗਾ, ਜਿਸ ਨਾਲ ਇਨ੍ਹਾਂ ਪਰਿਵਾਰਾਂ ਦੀ ਤਕਰੀਬਨ 11 ਹਜ਼ਾਰ ਰੁਪਏ ਮਹੀਨਾ ਮਦਦ ਹੋ ਸਕੇਗੀ।