ਅੰਮ੍ਰਿਤਸਰ: ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੂੰ ਬਰਸਾਤੀ ਡੱਡੂ ਦੱਸਿਆ ਅਤੇ ਖ਼ੁਦ ਨੂੰ ਕੋਇਲ ਦੱਸਿਆ। ਸਿੱਧੂ ਨੇ ਕਿਹਾ ਕਿ ਉਹ ਪਹਿਲਾਂ ਕੌਂਸਲਰ ਦੀ ਚੋਣ ਜਿੱਤ ਕੇ ਦਿਖਾਉਣ। ਨਵਜੋਤ ਸਿੱਧੂ ਅੱਜ ਭੰਡਾਰੀ ਪੁਲ ਨੂੰ ਚੌੜਾ ਕਰਨ ਦਾ ਉਦਘਾਟਨ ਕਰਨ ਪਹੁੰਚੇ ਸਨ।


ਸਿੱਧੂ ਨੇ ਸ਼ਵੇਤ ਮਲਿਕ ਨੂੰ ਬਰਸਾਤੀ ਡੱਡੂ ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਬਰਸਾਤ ਆਉਂਦੀ ਹੈ ਤਾਂ ਡੱਡੂ ਬਾਹਰ ਆ ਕੇ ਟਰੈਂ-ਟਰੈਂ ਕਰਦਾ ਹੈ ਪਰ ਕੋਇਲ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਨਵਜੋਤ ਸਿੱਧੂ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰੇਲਵੇ ਲਾਈਨਾਂ ਦੇ ਉੱਪਰ ਬਣਨ ਵਾਲੇ ਪੰਜ ਪੁੱਲਾਂ ਵਿੱਚੋਂ ਦੋ ਦਾ ਉਦਘਾਟਨ ਕਰ ਦਿੱਤਾ ਹੈ।

ਅੰਮ੍ਰਿਤਸਰ ਦੇ ਭੰਡਾਰੀ ਪੁੱਲ ਦੇ ਉਦਘਾਟਨ ਮੌਕੇ ਸਿੱਧੂ ਨੇ ਕਿਹਾ ਕਿ ਜਦ ਉਹ ਅੰਮ੍ਰਿਤਸਰ ਦੇ ਐਮਪੀ ਸਨ ਤਾਂ ਉਸ ਸਮੇਂ ਇਹ ਪੁੱਲ 7 ਕਰੋੜ ਦੀ ਲਾਗਤ ਨਾਲ ਬਣ ਰਿਹਾ ਸੀ ਪਰ ਉਸ ਸਮੇਂ ਪੰਜਾਬ ਸਰਕਾਰ ਵੱਲੋਂ ਦੋ ਲੱਖ ਰੁਪਏ ਦੀ ਫੀਸ ਨਾ ਭਰਨ ਕਰਕੇ ਅੱਜ ਇਹ 15 ਕਰੋੜ ਦੀ ਲਾਗਤ ਨਾਲ ਬਣ ਰਿਹਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਰੇਲਵੇ ਲਾਈਨਾਂ ਉੱਪਰ ਬਣਨ ਵਾਲੇ ਪੁਲਾਂ ਲਈ ਪ੍ਰਵਾਨਗੀਆਂ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ ਪਰ ਉਨ੍ਹਾਂ ਖ਼ੁਦ ਕੇਂਦਰੀ ਮੰਤਰੀ ਪਿਊਸ਼ ਗੋਇਲ ਤੋਂ ਇਹ ਪ੍ਰਵਾਨਗੀਆਂ ਲਈਆਂ ਹਨ। ਸਿੱਧੂ ਨੇ ਦਾਅਵਾ ਕੀਤਾ ਕਿ ਇਨ੍ਹਾਂ ਪੰਜ ਪੁਲਾਂ ਨਾਲ ਸ਼ਹਿਰ ਦੀ ਟਰੈਫਿਕ ਦੀ ਸਮੱਸਿਆ ਕਾਫੀ ਹੱਦ ਤਕ ਠੀਕ ਹੋ ਜਾਵੇਗੀ।