ਅੰਮ੍ਰਿਤਸਰ: ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਘਰ ਵਿੱਚੋਂ ਫਿਰ ਬਾਹਰ ਨਿੱਕਲੇ ਤੇ ਆਪਣੇ ਹਲਕੇ ਵਿੱਚ ਵਿਚਰੇ। ਲੰਮੇ ਸਮੇਂ ਤੋਂ ਮੀਡੀਆ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਸਿੱਧੂ ਨੇ ਅੱਜ ਵੀ ਸਿਰਫ ਲੋਕਾਂ ਨਾਲ ਹੀ ਮੁਲਾਕਾਤ ਕੀਤੀ।

ਨਵਜੋਤ ਸਿੱਧੂ ਨੇ ਅੱਜ ਸਭ ਤੋਂ ਪਹਿਲਾਂ ਗੰਦੇ ਨਾਲੇ ਨੂੰ ਬੰਦ ਕਰਵਾਉਣ ਦਾ ਕੰਮ ਕਰਵਾਇਆ ਤੇ ਇਸ ਉਪਰੰਤ ਉਹ ਵੇਰਕਾ ਸਥਿਤ ਸਰਕਾਰੀ ਸਕੂਲ ਵਿੱਚ ਪਹੁੰਚੇ। ਸਿੱਧੂ ਨੇ ਇਸ ਸਕੂਲ ਨੂੰ ਪੰਜ ਲੱਖ ਰੁਪਏ ਵੀ ਦਿੱਤੇ। ਲੋਕ ਸਭਾ ਚੋਣਾਂ ਮਗਰੋਂ ਨਵਾਂ ਵਿਭਾਗ ਠੁਕਰਾਉਣ ਵਾਲੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਆਪਣੇ ਹਲਕੇ ਵਿੱਚ ਇਹ ਦੂਜਾ ਦੌਰਾਨ ਹੈ।

ਆਪਣੇ ਬੇਬਾਕ ਅੰਦਾਜ਼ ਕਰਕੇ ਮਸ਼ਹੂਰ ਸਿੱਧੂ ਹੁਣ ਕੁਝ ਵੀ ਬੋਲਦੇ ਘੱਟ ਹੀ ਦਿਖਾਈ ਦਿੰਦੇ ਹਨ। ਸਿੱਧੂ ਨੇ ਭਾਜਪਾ ਤੇ ਕਾਂਗਰਸ ਵਿੱਚ ਰਹਿੰਦਿਆਂ ਦੋਵਾਂ ਸਮਿਆਂ ਦੇ ਮੁੱਖ ਮੰਤਰੀਆਂ ਨਾਲ ਆਢਾ ਲਾਈ ਰੱਖਿਆ ਤੇ ਅੱਜ ਉਹ ਇਕੱਲੇ ਪੈ ਗਏ ਜਾਪਦੇ ਹਨ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਿੱਧੂ ਅਜਿਹੇ ਰੂਪ ਵਿੱਚ ਕਿੰਨਾ ਕੁ ਸਮਾਂ ਰਹਿਣਗੇ ਜਾਂ ਉਨ੍ਹਾਂ ਦਾ ਅਗਲਾ ਕਦਮ ਕੀ ਹੋਵੇਗਾ।