ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਚੰਗਾ ਮੁਕਾਮ ਬਣਾ ਚੁੱਕੇ ਨਵਜੋਤ ਸਿੰਘ ਸਿੱਧੂ ਹੁਣ ਕੌਮੀ ਸਿਆਸਤ ਵਿੱਚ ਉੱਭਰ ਰਹੇ ਹਨ। ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨੂੰ ਕੌਮੀ ਚੋਣ ਮੁਹਿੰਮ ਵਿੱਚ ਸਟਾਰ ਪ੍ਰਚਾਰਕ ਦੀ ਜ਼ਿੰਮੇਵਾਰੀ ਸੌਂਪੀ ਹੈ ਜਿਸ ਵਿੱਚ ਉਹ ਸੱਚਮੁੱਚ ਸਟਾਰ ਬਣੇ ਕੇ ਹੀ ਉੱਭਰ ਰਹੇ ਹਨ। ਉਂਝ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਟਾਰ ਪ੍ਰਚਾਰਕ ਬਣਾਇਆ ਗਿਆ ਹੈ ਪਰ ਉਹ ਅਜੇ ਤੱਕ ਪੰਜਾਬ ਵਿੱਚ ਸੀਮਤ ਹਨ।


ਚੋਣ ਪ੍ਰਚਾਰ ਦੌਰਾਨ ਨਵਜੋਤ ਸਿੱਧੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਨਿਸ਼ਾਨੇ ਸਾਧ ਰਹੇ ਹਨ। ਇਸ ਕਰਕੇ ਉਹ ਰੋਜ਼ਾਨਾ ਕੌਮੀ ਮੀਡੀਆ ਵਿੱਚ ਸੁਰਖੀਆਂ ਬਣ ਰਹੇ ਹਨ। ਸਿੱਧੂ ਆਪਣੇ ਬੇਬਾਕ ਤੇ ਤਿੱਖੇ ਬਿਆਨਾਂ ਕਰਕੇ ਵਿਵਾਦਾਂ ਵਿੱਚ ਵੀ ਘਿਰ ਰਹੇ ਹਨ ਪਰ ਇਸ ਨਾਲ ਵੀ ਉਨ੍ਹਾਂ ਮੀਡੀਆ ਵਿੱਚ ਚੰਗੀ ਥਾਂ ਮਿਲ ਰਹੀ ਹੈ। ਸੋਸ਼ਲ ਮੀਡੀਆ ਉੱਤੇ ਵੀ ਹੋਰ ਕਾਂਗਰਸੀ ਲੀਡਰਾਂ ਦੀ ਥਾਂ ਸਿੱਧੂ ਦੀ ਹੀ ਬੱਲੇ-ਬੱਲੇ ਹਨ।

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸਿੱਧੂ ਬੜੀ ਤੇਜ਼ੀ ਨਾਲ ਕੌਮੀ ਸਿਆਸਤ ਵਿੱਚ ਉੱਭਰ ਰਹੇ ਹਨ। ਉਹ ਇਹ ਸਭ ਤੈਅ ਰਣਨੀਤੀ ਮੁਤਾਬਕ ਕਰ ਰਹੇ ਹਨ। ਇਸ ਨਾਲ ਉਹ ਜਿੱਥੇ ਪਾਰਟੀ ਦੀ ਕੌਮੀ ਲੀਡਰਸ਼ਿਪ ਵਿੱਚ ਆਪਣਾ ਪ੍ਰਭਾਵ ਬਣਾ ਰਹੇ ਹਨ, ਉੱਥੇ ਹੀ ਸੂਬੇ ਦੀ ਸੀਨੀਅਰ ਲੀਡਰਸ਼ਿਪ ਨੂੰ ਸ਼ੀਸ਼ਾ ਵਿਖਾ ਰਹੇ ਹਨ ਕਿ ਉਨ੍ਹਾਂ ਦੀਆਂ ਤਾਰਾ ਹੁਣ ਕਿੱਥੇ-ਕਿੱਥੇ ਜੁੜ ਗਈਆਂ ਹਨ।

ਨਵਜੋਤ ਸਿੱਧੂ ਇੱਕ ਵਾਰ ਫਿਰ ਮੀਡੀਆ ਵਿੱਚ ਛਾਅ ਗਏ ਜਦੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਦੇਸ਼ ਵਿਰੋਧੀ ਹੋਣ ਦਾ ਇਲਜ਼ਾਮ ਲਾਇਆ ਤੇ ਦਾਅਵਾ ਕੀਤਾ ਕਿ ਪੰਜ ਸਾਲਾਂ ਦੇ ਕਾਰਜਕਾਲ ’ਚ ਮੋਦੀ ਨੇ ਸਰਕਾਰੀ ਕੰਪਨੀਆਂ ਦੇ ਹਿੱਤਾਂ ਨੂੰ ਮਾਰ ਕੇ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀਆਂ ਚੋਣਾਂ ’ਚ ਵਾਅਦੇ ਪੂਰੇ ਕਰਨ ’ਚ ਨਾਕਾਮ ਸਾਬਤ ਹੋਏ ਪ੍ਰਧਾਨ ਮੰਤਰੀ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਰਾਸ਼ਟਰਵਾਦ ਤੇ ਕੌਮੀ ਸੁਰੱਖਿਆ ਦੇ ਮੁੱਦੇ ਚੁੱਕ ਰਹੇ ਹਨ।

ਸਿੱਧੂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ’ਚ ਸਰਕਾਰੀ ਕੰਪਨੀਆਂ ਡੁੱਬਦੀਆਂ ਚਲੀਆਂ ਗਈਆਂ ਤੇ ਕੁਝ ਪ੍ਰਾਈਵੇਟ ਕੰਪਨੀਆਂ ਮੁਨਾਫੇ ’ਚ ਆ ਗਈਆਂ। ਚੌਕੀਦਾਰ ਅਕਸਰ ਅਮੀਰਾਂ ਦੇ ਘਰ ਅੱਗੇ ਖੜ੍ਹਾ ਤੇ ਗਰੀਬਾਂ ਦੇ ਹੱਕਾਂ ਨੂੰ ਮਾਰਦਾ ਰਿਹਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ 55 ਮੁਲਕਾਂ ਦੇ ਦੌਰੇ ਕੀਤੇ ਤੇ ਇਨ੍ਹਾਂ ਦੌਰਿਆਂ ’ਤੇ ਅੰਬਾਨੀ ਤੇ ਅਡਾਨੀ ਉਨ੍ਹਾਂ ਨਾਲ ਗਏ ਤੇ 18 ਸੌਦੇ ਕੀਤੇ ਜਦਕਿ ਇਹ ਸੌਦੇ ਸਰਕਾਰੀ ਕੰਪਨੀਆਂ ਲਈ ਹੋਣੇ ਚਾਹੀਦੇ ਸਨ।