ਅੰਮ੍ਰਿਤਸਰ: ਕੈਬਨਿਟ ਮੰਤਰੀ ਨਵਜੋਤ ਸਿੱਧੂ ਅੱਜ ਮੁੜ ਪਾਕਿਸਤਾਨ ਫੇਰੀ 'ਤੇ ਚਲੇ ਗਏ ਹਨ। ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਰਕਤ ਕਰਨੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 28 ਨਵੰਬਰ ਨੂੰ ਨੀਂਹ ਪੱਥਰ ਰੱਖਣਗੇ। ਨਵਜੋਤ ਸਿੱਧੂ ਵੀ ਨੀਂਹ ਪੱਥਰ ਸਮਾਗਮ 'ਚ ਸ਼ਿਰਕਤ ਕਰਨਗੇ। ਸਿੱਧੂ ਸ੍ਰੀ ਕਰਤਾਰਪੁਰ ਸਾਹਿਬ 'ਚ ਦੁਸ਼ਾਲਾ ਚੜ੍ਹਾਉਣਗੇ। ਉਹ ਇਮਰਾਨ ਖਾਨ ਲਈ ਵੀ ਤੋਹਫਾ ਲੈ ਕੇ ਗਏ ਹਨ।

ਸਿੱਧੂ ਅੱਜ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ 'ਚ ਦਾਖਲ ਹੋਏ। ਨਵਜੋਤ ਸਿੱਧੂ ਨੇ ਜਾਂਦੇ-ਜਾਂਦੇ ਸ਼ਾਇਰੀ ਵੀ ਸੁਣਾਈ। ਉਨ੍ਹਾਂ ਕਿਹਾ ਕਿ ਉਹ ਬਾਬਾ ਨਾਨਕ ਲਈ ਸਭ ਕੁਝ ਕਰਨ ਲਈ ਤਿਆਰ ਹਨ। ਸਿੱਧੂ ਨੇ ਸੁਨੇਹਾ ਦਿੱਤਾ ਕਿ ਦੋਸਤੀ ਦਾ ਹੱਥ ਵਧਾਉਣ ਨਾਲ ਸਭ ਦੂਰੀਆਂ ਮਿੱਟ ਜਾਂਦੀਆਂ ਹਨ।

ਸਿੱਧੂ ਨੇ ਕਰਤਾਰਪੁਰ ਲਾਂਘੇ 'ਤੇ ਸਿਆਸਤ ਕਰਨ ਵਾਲਿਆਂ ਨੂੰ ਮਾਫ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕ੍ਰੈਡਿਟ ਮੰਗਣ ਵਾਲੇ ਡਿਸਕ੍ਰੈਡਿਟ ਹੋ ਰਹੇ ਹਨ। ਇਸ ਦੇ ਨਾਲ ਹੀ ਅੱਜ ਕਰੜੀ ਸੁਰੱਖਿਆ 'ਚ ਭਾਰਤੀ ਮੀਡੀਆ ਵੀ ਪਾਕਿਸਤਾਨ ਪਹੁੰਚਿਆ। ਪਾਕਿ ਰੇਂਜਰਸ ਕਰੜੀ ਸੁਰੱਖਿਆ 'ਚ ਮੀਡੀਆ ਨੂੰ ਲੈ ਕੇ ਗਏ।

ਸੰਸਦ ਮੈਂਬਰ ਗੁਰਜੀਤ ਔਜਲਾ ਸ਼੍ਰੀ ਹਰਿਮੰਦਰ ਸਾਹਿਬ ਤੋਂ 'ਹਰਿ ਦੀ ਪੌੜੀ' ਦਾ ਜਲ ਲੈ ਕੇ ਪਾਕਿਸਤਾਨ ਗਏ। ਉਨ੍ਹਾਂ ਕਿਹਾ ਕਿ ਨੀਂਹ ਪੱਥਰ ਰੱਖਣ ਸਮੇਂ ਜਲ ਦਾ ਛਿੜਕਾਅ ਕਰਾਂਗੇ। ਉਨ੍ਹਾਂ ਕਿਹਾ ਕਿ ਸ਼ਾਂਤੀ ਦਾ ਰਾਹ ਬਣਨ 'ਚ ਕੋਈ ਵੀ ਵਿਘਨ ਨਾ ਪਾਏ।

ਔਜਲਾ ਨੇ ਕਿਹਾ ਕਿ ਸਾਰੀ ਪਾਰਟੀਆਂ ਨੂੰ ਲਾਂਘੇ ਲਈ ਇੱਕਜੁੱਟ ਹੋਣਾ ਚਾਹੀਦਾ ਹੈ। ਲਾਂਘੇ ਲਈ ਕਿਸੇ ਇੱਕ ਦਾ ਕ੍ਰੈਡਿਟ ਨਹੀਂ। ਸਭ ਸੰਗਤ ਦੀਆਂ ਅਰਦਾਸਾਂ ਨੂੰ ਬੂਰ ਪਿਆ ਹੈ।