ਅੰਮ੍ਰਿਤਸਰ: ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਪਹਿਲੀ ਵਾਰ ਆਪਣੇ ਹਲਕੇ ਅੰਦਰ ਪੈਂਦੇ ਖੇਤਰ ਵੇਰਕਾ ਵਿੱਚ ਨਿਕਲੇ। ਇਸ ਦੌਰਾਨ ਉਨ੍ਹਾਂ ਵੇਰਕਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਲੱਗਣ ਵਾਲੀਆਂ ਸਟਰੀਟ ਲਾਈਟਾਂ ਦੇ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਨਵਜੋਤ ਸਿੱਧੂ ਨੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ।


ਨਵਜੋਤ ਸਿੱਧੂ ਨੇ ਅਜੇ ਵੀ ਮੀਡੀਆ ਤੋਂ ਦੂਰੀ ਬਣਾਈ ਰੱਖਾ ਉਹ ਮੀਡੀਆ ਨਾਲ ਗੱਲਬਾਤ ਕੀਤੇ ਬਗੈਰ ਹੀ ਇੱਥੋਂ ਰਵਾਨਾ ਹੋ ਗਏ। ਨਵਜੋਤ ਸਿੱਧੂ ਤੇ ਉਨ੍ਹਾਂ ਦੀ ਟੀਮ ਮੀਡੀਆ ਤੋਂ ਦੂਰੀ ਬਣਾਈ ਰੱਖਣ ਲਈ ਪੂਰੀ ਤਿਆਰੀ ਕਰਕੇ ਆਏ ਸਨ। ਪੱਤਰਕਾਰਾਂ ਨੇ ਵਾਰ-ਵਾਰ ਨਵਜੋਤ ਸਿੱਧੂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਹੱਥ ਜੋੜ ਕੇ ਚੁੱਪ ਰਹਿਣ ਦਾ ਹੀ ਇਸ਼ਾਰਾ ਕੀਤਾ।

ਪੱਤਰਕਾਰ ਲਗਾਤਾਰ ਸਿੱਧੂ ਨੂੰ ਸਵਾਲ ਪੁੱਛਦੇ ਰਹੇ ਪਰ ਉਨ੍ਹਾਂ ਕਿਸੇ ਵੀ ਮੁੱਦੇ 'ਤੇ ਬੋਲਣ ਤੋਂ ਇਨਕਾਰ ਕਰ ਦਿੱਤਾ। ਉਮੀਦ ਕੀਤੀ ਜਾ ਰਹੀ ਸੀ ਕਿ ਨਵਜੋਤ ਸਿੱਧੂ ਪਾਰਟੀ ਹਾਈ ਕਮਾਂਡ ਬਾਰੇ ਭਾਵੇਂ ਨਾ ਗੱਲ ਕਰਨ ਪਰ ਉਹ ਪਾਕਿਸਤਾਨ ਨਾਲ ਵਪਾਰਕ ਸਬੰਧ ਖਤਮ ਹੋਣ ਤੇ ਕਰਤਾਰਪੁਰ ਕੋਰੀਡੋਰ ਦਾ ਕੰਮ ਬੰਦ ਹੋਣ ਸਬੰਧੀ ਕੋਈ ਗੱਲ ਕਰਨਗੇ। ਬੇਸ਼ੱਕ ਕਾਫੀ ਸਮੇਂ ਮਗਰੋਂ ਮਗਰੋਂ ਨਵਜੋਤ ਸਿੱਧੂ ਹਲਕੇ ਵਿੱਚ ਨਜ਼ਰ ਆਏ ਪਰ ਉਨ੍ਹਾਂ ਆਪਣੀ ਚੁੱਪੀ ਨੂੰ ਅਜੇ ਵੀ ਬਰਕਰਾਰ ਰੱਖਿਆ। ਉਹ ਪੰਦਰਾਂ ਮਿੰਟ ਠਹਿਰਣ ਤੋਂ ਬਾਅਦ ਵਾਪਸ ਆਪਣੇ ਘਰ ਚਲੇ ਗਏ।