ਚੰਡੀਗੜ੍ਹ: ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ (Navjot Singh Sidhu) ਬਾਰੇ ਚਰਚਾ ਛਿੜ ਗਈ ਹੈ ਕਿ ਉਹ ਆਮ ਆਦਮੀ ਪਾਰਟੀ (Aam Aadmi Party) 'ਚ ਸ਼ਾਮਲ ਹੋ ਰਹੇ ਹਨ। ਮੀਡੀਆ ਰਿਪੋਰਟਾਂ ਬਾਰੇ ਹੁਣ ਤੱਕ ਸਿੱਧੂ ਖਾਮੋਸ਼ ਹਨ। ਦੂਜੇ ਪਾਸੇ ਇਨ੍ਹਾਂ ਖਬਰਾਂ ਨੇ ਕਾਂਗਰਸ (Congress) ਵਿੱਚ ਭੂਚਾਲ ਲੈ ਆਂਦਾ ਹੈ। ਪੰਜਾਬ ਤੋਂ ਲੈ ਕੇ ਹਾਈਕਮਾਨ ਤੱਕ ਮੀਡੀਆ ਰਿਪੋਰਟਾਂ ਨੂੰ ਲੈ ਕੇ ਹੈਰਾਨ ਹਨ।
ਦਰਅਸਲ ਨਵਜੋਤ ਸਿੱਧੂ ਕਾਫੀ ਸਮੇਂ ਤੋਂ ਪਾਰਟੀ ਤੇ ਸਰਕਾਰ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ। ਇਸ ਲਈ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਹੈ ਕਿ ਸਿੱਧੂ ਜਲਦੀ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਸਬੰਧੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਵਿਚਾਰ ਵਟਾਂਦਰੇ ਕੀਤੇ ਗਏ ਹਨ। ਇਸ ਬਾਰੇ ਅਜੇ ਤੱਕ ਸਿੱਧੂ ਜਾਂ ਫਿਰ ਆਮ ਆਦਮੀ ਪਾਰਟੀ ਨੇ ਕੋਈ ਪੁਸ਼ਟੀ ਨਹੀਂ ਕੀਤੀ।
ਦੂਜੇ ਪਾਸੇ ਸੀਨੀਅਰ ਕਾਂਗਰਸੀ ਲੀਡਰ ਰਾਜਕੁਮਾਰ ਵੇਰਕਾ ਨੇ ਸਾਫ ਕੀਤਾ ਹੈ ਕਿ ਅਜਿਹੀ ਕੋਈ ਚੀਜ਼ ਨਹੀਂ। ਸਿੱਧੂ ਨੇ ਵੇਰਕਾ ਜ਼ਰੀਏ ਸਪਸ਼ਟ ਕੀਤਾ ਹੈ ਕਿ ਉਹ ਕਾਂਗਰਸ ਤੋਂ ਇਲਾਵਾ ਕਿਤੇ ਨਹੀਂ ਜਾ ਰਹੇ। ਉਨ੍ਹਾਂ ਨਾਲ ਨਾ ਤਾਂ ਪ੍ਰਸ਼ਾਂਤ ਕਿਸ਼ੋਰ ਨੇ ਗੱਲ ਕੀਤੀ ਹੈ ਤੇ ਨਾ ਹੀ 'ਆਪ' ਦੇ ਕਿਸੇ ਸੀਨੀਅਰ ਨੇਤਾ ਨਾਲ ਮੁਲਾਕਾਤ ਕੀਤੀ ਹੈ। ਕੁਝ ਲੋਕ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਸੀ ਸਬੰਧਾਂ ਕਾਰਨ ਮੀਡੀਆ ਵਿੱਚ ਅਜਿਹੀਆਂ ਗੱਲਾਂ ਫੈਲਾ ਰਹੇ ਹਨ।
ਇਸ ਦੇ ਨਾਲ ਹੀ ਸੂਤਰਾਂ ਦਾ ਦਾਅਵਾ ਹੈ ਕਿ ਕਾਂਗਰਸ ਹਾਈ ਕਮਾਂਡ ਜੁਲਾਈ ਵਿੱਚ ਸਿੱਧੂ ਨੂੰ ਪਾਰਟੀ ਵਿੱਚ ਨਵੀਂ ਜ਼ਿੰਮੇਵਾਰੀ ਸੌਂਪ ਸਕਦੀ ਹੈ। ਅਜਿਹਾ ਹੋਣ ਦੀ ਸੂਰਤ ਵਿੱਚ ਕਾਂਗਰਸ ਵਿੱਚ ਖਿੱਚੋਤਾਣ ਹੋਰ ਵਧ ਸਕਦੀ ਹੈ। ਇਸ ਲਈ ਸਿੱਧੂ ਵੀ ਅਜੇ ਕੁਝ ਸਪਸ਼ਟ ਕਰਨ ਲਈ ਤਿਆਰ ਨਹੀਂ ਹਨ।
ਇਸ ਬਾਰੇ ਸੀਨੀਅਰ ‘ਆਪ’ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿੱਧੂ ਦਾ ‘ਆਪ’ ਦੇ ਕਿਸੇ ਵੱਡੇ ਨੇਤਾ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਅਫਵਾਹ ਹੈ ਕਿ ਸਿੱਧੂ ਨੇ ‘ਆਪ’ ਵਿੱਚ ਆਉਣ ਤੇ ਸੀਟਾਂ ਦੀ ਵੰਡ ਬਾਰੇ ਗੱਲ ਕੀਤੀ ਹੈ। ਕੋਈ ਵੀ ਵਿਅਕਤੀ ਬਿਨਾਂ ਸ਼ਰਤ ਪਾਰਟੀ ਵਿੱਚ ਆ ਸਕਦਾ ਹੈ।
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਸੀਨੀਅਰ ਨੇਤਾ ਸਿੱਧੂ ਪਾਰਟੀ ਛੱਡਣ ਲਈ ਕੋਈ ਕਦਮ ਚੁੱਕ ਰਹੇ ਹਨ। ਹਾਂ ਉਹ ਨਿੱਜੀ ਕਾਰਨਾਂ ਕਰਕੇ ਪਾਰਟੀ ਵਿੱਚ ਪੂਰੀ ਤਰ੍ਹਾਂ ਸਰਗਰਮ ਨਹੀਂ ਹਨ। ਪਾਰਟੀ ਲਈ ਸੰਗਠਤ ਰਹਿਣਾ ਮਹੱਤਵਪੂਰਨ ਹੈ। ਇਸ ਲਈ ਜੋ ਵੀ ਜ਼ਰੂਰੀ ਹੋਏਗਾ, ਅਸੀਂ ਸਾਰੇ ਯਤਨ ਕਰਾਂਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਆਮ ਆਦਮੀ ਪਾਰਟੀ 'ਚ ਜਾਣ 'ਤੇ ਨਵਜੋਤ ਸਿੱਧੂ ਨੇ ਖੋਲ੍ਹੇ ਪੱਤੇ!
ਏਬੀਪੀ ਸਾਂਝਾ
Updated at:
05 Jun 2020 10:52 AM (IST)
ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਬਾਰੇ ਚਰਚਾ ਛਿੜ ਗਈ ਹੈ ਕਿ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਹਨ। ਮੀਡੀਆ ਰਿਪੋਰਟਾਂ ਬਾਰੇ ਹੁਣ ਤੱਕ ਸਿੱਧੂ ਖਾਮੋਸ਼ ਹਨ।
- - - - - - - - - Advertisement - - - - - - - - -