ਨਵੀਂ ਦਿੱਲੀ: ਮੋਦੀ ਸਰਕਾਰ ਤੋਂ ਕਾਰੋਬਾਰੀ ਨਿਰਾਸ਼ ਹਨ। ਕੋਰੋਨਾ ਕਰਕੇ ਕੀਤੀ ਤਾਲਾਬੰਦੀ ਨਾਲ ਉਦਯੋਗਿਕ ਵਿਕਾਸ ਲੀਹ ਤੋਂ ਲਹਿ ਗਿਆ ਹੈ ਪਰ ਸਰਕਾਰ ਨੇ ਕਾਰੋਬਾਰੀਆਂ ਦੀ ਬਾਂਹ ਨਹੀਂ ਫੜੀ। ਦੂਜੇ ਪਾਸੇ ਹੁਣ ਕੋਰੋਨਾ ਨਾਲ ਹਾਲਾਤ ਗੰਭੀਰ ਹੋਣ ਲੱਗੇ ਹਨ ਤਾਂ ਸਰਕਾਰ ਨੇ ਲੌਕਡਾਊਨ ਖੋਲ੍ਹ ਦਿੱਤਾ ਹੈ। ਇਸ ਕਰਕੇ ਸਰਕਾਰੀ ਉੱਪਰ ਚੁਫੇਰਿਓਂ ਸਵਾਲ ਉੱਠਣ ਲੱਗੇ ਹਨ।


ਭਾਰਤ ਦੇ ਮਸ਼ਹੂਰ ਉਦਯੋਗਪਤੀ ਰਾਜੀਵ ਬਜਾਜ ਨੇ ਦਾ ਕਹਿਣਾ ਹੈ ਕਿ ਕਰੋਨਾ ਸੰਕਟ ਨਾਲ ਨਜਿੱਠਣ ਲਈ ਭਾਰਤ ਨੇ ਪੱਛਮੀ ਦੇਸ਼ਾਂ ਦੀ ਨਕਲ ਮਾਰ ਕੇ ਸਖਤ ਤਾਲਾਬੰਦੀ ਕਰ ਦਿੱਤੀ ਤੇ ਨਤੀਜਾ ਇਹ ਨਿਕਲਿਆ ਕਿ ਕਰੋਨਾ ਤਾਂ ਰੁਕਿਆ ਨਹੀਂ ਸਗੋਂ ਘਰੇਲੂ ਉਤਪਾਦ (ਜੀਡੀਪੀ) ਦਾ ਵੀ ਭੱਠਾ ਬੈਠ ਗਿਆ।

ਵੀਡੀਓ ਕਾਨਫਰੰਸ ਰਾਹੀਂ ਸਾਬਕਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਗੱਲਬਾਤ ਕਰਦਿਆਂ ਬਜਾਜ ਨੇ ਕਿਹਾ ਕਿ ਬਹੁਤ ਸਾਰੇ ਅਹਮਿ ਲੋਕ ਬੋਲਣ ਤੋਂ ਡਰਦੇ ਹਨ। ਉਨ੍ਹਾਂ ਕਿਹਾ ਕਿ ਲੌਕਡਾਊਨ ਬਾਰੇ ਕੋਈ ਪੁਖਤਾ ਯੋਜਨਾ ਨਹੀਂ ਸੀ। ਸਰਕਾਰ ਨੇ ਸਾਰੇ ਕਾਰੋਬਾਰ ਤਾਂ ਬੰਦ ਕਰਵਾ ਦਿੱਤੇ ਪਰ ਚੋਰ ਮੋਰੀਆਂ ਇੰਨੀਆਂ ਸੀ ਕਿ ਲੌਕਡਾਊਨ ਦਾ ਮਕਸਦ ਪੂਰਾ ਹੀ ਨਹੀਂ ਹੋਇਆ।

ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਕਰੋਨਾ ਸੰਕਟ ਨਾਲ ਨਜਿੱਠਣ ਲਈ ਸ਼ੁਰੂਆਤ ਵਿੱਚ ਰਾਜਾਂ ਦੇ ਮੁੱਖ ਮੰਤਰੀਆਂ ਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਸ਼ਕਤੀ ਦੇਣ ਦੀ ਜ਼ਰੂਰਤ ਸੀ ਤੇ ਕੇਂਦਰ ਰਾਜਾਂ ਦੇ ਸਹਿਯੋਗ ਵਿੱਚ ਕੰਮ ਕਰਦਾ। ਉਨ੍ਹਾਂ ਇਹ ਵੀ ਕਿਹਾ ਕਿ ਗਰੀਬ, ਮਜ਼ਦੂਰ, ਐਮਐਸਐਮਈ ਤੇ ਵੱਡੇ ਉਦਯੋਗਾਂ ਨੂੰ ਵੀ ਇਸ ਮੁਸ਼ਕਲ ਸਮੇਂ ਵਿੱਚ ਸਹਾਇਤਾ ਦੀ ਲੋੜ ਹੈ।