ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੱਤਾਧਾਰੀ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਉੱਤੇ ਮੁੱਦਿਆਂ ਬਾਰੇ ਉਸਾਰੂ ਬਹਿਸ ਤੋਂ ਭੱਜਣ ਦਾ ਦੋਸ਼ ਲਾਇਆ ਹੈ। ਮਾਨ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ, ਸਿਹਤ ਮੰਤਰੀ ਓ.ਪੀ. ਸੋਨੀ ਵਾਂਗ ਸੂਬੇ ਦੇ ਭਖਵੇਂ ਮਸਲਿਆਂ ਉੱਪਰ ਸਕਾਰਾਤਮਿਕ ਬਹਿਸ ਕਰਨ ਤੋਂ ਹੁਣ ਨਵਜੋਤ ਸਿੰਘ ਸਿੱਧੂ ਵੀ ਭੱਜ ਰਹੇ ਹਨ।


ਸੋਮਵਾਰ ਨੂੰ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਸੂਬੇ ਦੇ ਖ਼ਾਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ 'ਚ ਸ਼ਰੇਆਮ ਹੋ ਰਹੀ ਨਜਾਇਜ਼ ਮਾਈਨਿੰਗ ਬਾਰੇ ਵੀ ਘੇਰਿਆ। ਮਾਨ ਨੇ ਨਵਜੋਤ ਸਿੱਧੂ ਨੂੰ ਸੰਬੋਧਿਤ ਹੁੰਦਿਆਂ ਕਿਹਾ, “ਸਿੱਧੂ ਮੇਰੇ ਨਾਲ ਬਹਿਸ ਕਰਨ ਤੋਂ ਕਿਉਂ ਭੱਜ ਰਹੇ ਹਨ? ਸਿੱਧੂ ਭਾਅ ਜੀ, ਤੁਸੀਂ ਮੇਰੇ ਤੋਂ ਕਿਉਂ ਡਰ ਰਹੇ ਹੋ? ਸਿੱਧੂ ਸਾਹਬ, ਮੁੱਖ ਮੰਤਰੀ ਚੰਨੀ ਦੇ ਹਲਕੇ 'ਚ ਹੋ ਰਹੀ ਨਜਾਇਜ਼ ਮਾਈਨਿੰਗ ਬਾਰੇ ਕੁੱਝ ਕਿਹੜੀਆਂ ਮਜ਼ਬੂਰੀਆਂ ਹਨ ਕਿ ਚਮਕੌਰ ਸਾਹਿਬ ਹਲਕੇ 'ਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਬਾਰੇ ਇੱਕ ਸ਼ਬਦ ਤੱਕ ਨਹੀਂ ਬੋਲਿਆ ਗਿਆ? ਬੋਲਣ ਲਈ ਅਜਿਹੀ ਮੌਕਾ ਪ੍ਰਸਤ ਪਹੁੰਚ ਕਿਉਂ?”


ਭਗਵੰਤ ਮਾਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਗਰੰਟੀਆਂ ਤੋਂ ਪਰੇਸ਼ਾਨ ਹੋ ਕੇ ਕੇਜਰੀਵਾਲ ਨੂੰ ਵੱਖ-ਵੱਖ ਮੁੱਦਿਆਂ 'ਤੇ ਬਹਿਸ ਦੀ ਚੁਣੌਤੀ ਦਿੱਤੀ ਸੀ, ਜਿਸ ਨੂੰ ਸਵੀਕਾਰ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਮੇਰੇ (ਭਗਵੰਤ ਮਾਨ) ਨਾਲ ਬਹਿਸ ਕਰਨ ਦਾ ਸੱਦਾ ਦਿੱਤਾ ਸੀ, ਕਿਉਂਕਿ ਨਵਜੋਤ ਸਿੱਧੂ ਵੀ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਹੀ ਹਨ।


ਮਾਨ ਮੁਤਾਬਕ, ''ਚੰਗਾ ਹੁੰਦਾ ਨਵਜੋਤ ਸਿੰਘ ਸਿੱਧੂ ਸਾਰੇ ਅਹਿਮ ਅਤੇ ਭਖਵੇਂ ਮੁੱਦਿਆਂ ਉੱਤੇ ਮੇਰੇ ਨਾਲ ਬਹਿਸ ਦੀ ਹਾਮੀ ਭਰਦੇ, ਕਿਉਂਕਿ ਲੋਕਤੰਤਰ 'ਚ ਲੋਕਾਂ ਅਤੇ ਸੂਬੇ ਨਾਲ ਜੁੜੇ ਹਰੇਕ ਮੁੱਦੇ ਉੱਪਰ ਸਿਆਸੀ ਆਗੂਆਂ ਦਰਮਿਆਨ ਜਨਤਕ ਤੌਰ 'ਤੇ ਖੁੱਲੀ ਬਹਿਸ ਹੋਣੀ ਬਹੁਤ ਜ਼ਰੂਰੀ ਹੈ, ਤਾਂਕਿ ਲੋਕ ਸਾਰੀ ਗੱਲ ਅਤੇ ਸਾਰੇ ਪੱਖ ਚੰਗੀ ਤਰਾਂ ਸਮਝ ਕੇ ਆਪਣੀ ਰਾਇ ਬਣਾ ਸਕਣ।


ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਕਾਂਗਰਸ ਵਰਗੀ ਭ੍ਰਿਸ਼ਟ ਅਤੇ ਮਾਫ਼ੀਆ ਸਰਕਾਰ ਦਾ ਹਿੱਸਾ ਬਣ ਕੇ ਨਵਜੋਤ ਸਿੰਘ ਸਿੱਧੂ ਨਾ ਕੇਵਲ ਚਮਕੌਰ ਸਾਹਿਬ 'ਚ ਹੁੰਦੀ ਨਜਾਇਜ਼ ਮਾਈਨਿੰਗ ਸਗੋਂ ਹੋਰ ਅਨੇਕਾਂ ਮੁੱਦਿਆਂ 'ਤੇ ਵੀ ਨਹੀਂ ਬੋਲ ਸਕਦੇ।



ਇਹ ਵੀ ਪੜ੍ਹੋ: ਪਾਕਿਸਤਾਨ ਦੀ ਸਾਜ਼ਿਸ਼ ਨਾਕਾਮ, Coast Guard ਨੇ ਕਿਸ਼ਤੀ 'ਚੋਂ 400 ਕਰੋੜ ਦੀ ਹੈਰੋਇਨ ਫੜੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904