ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਆਪਣੀ ਸਥਿਤੀ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕਰ ਰਹੀ ਕਾਂਗਰਸ (Congress) ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਪੰਜਾਬ ਕਾਂਗਰਸ ਦੇ ਆਗੂ ਸੁਨੀਲ ਜਾਖੜ  (Sunil Jakhar) ਨੇ ਪਾਰਟੀ ਨੂੰ ਇਹ ਝਟਕਾ ਦਿੱਤਾ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁੁਨੀਲ ਜਾਖੜ ਨੇ ਕੁੱਝ ਦੇਰ ਪਹਿਲਾਂ ਹੀ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ।


 

ਇਸਦੇ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (Navjot Sidhu) ਦਾ ਬਿਆਨ ਸਾਹਮਣੇ ਆਇਆ ਹੈ।ਜਾਖੜ ਦੇ ਇਸ ਐਲਾਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ   (Navjot Singh Sidhu) ਉਨ੍ਹਾਂ ਦੇ ਸਮਰਥਨ 'ਚ ਆਏ ਅਤੇ ਕਿਹਾ ਕਿ ਕਾਂਗਰਸ ਨੂੰ ਸੁਨੀਲ ਜਾਖੜ ਨੂੰ ਨਹੀਂ ਗੁਆਉਣਾ ਚਾਹੀਦਾ, ਕਿਉਂਕਿ ਉਹ ਪਾਰਟੀ ਲਈ ਅਹਿਮ ਸੰਪਤੀ ਹੈ।

 

ਸਿੱਧੂ ਨੇ ਟਵੀਟ ਕੀਤਾ, ''ਕਾਂਗਰਸ ਨੂੰ ਜਾਖੜ ਨਹੀਂ ਗੁਆਉਣਾ ਚਾਹੀਦਾ, ਕਿਉਂਕਿ ਉਹ ਪਾਰਟੀ ਲਈ ਅਹਿਮ ਸੰਪਤੀ ਹਨ। ਇਸ ਦੇ ਨਾਲ ਹੀ ਸਿੱਧੂ ਨੇ ਜਾਖੜ ਦੀ ਤੁਲਨਾ ਕਾਂਗਰਸ ਪਾਰਟੀ ਲਈ ਸੋਨੇ ਦੇ ਬਰਾਬਰ ਕੀਤੀ ਹੈ। ਸਿੱਧੂ ਨੇ ਕਿਹਾ ਕਿ ਕਿਸੇ ਵੀ ਮਤਭੇਦ ਨੂੰ ਮੇਜ਼ ‘ਤੇ (ਗੱਲਬਾਤ ਰਾਂਹੀਂ) ਹੱਲ ਕੀਤਾ ਜਾ ਸਕਦਾ ਹੈ। ਸੁਨੀਲ ਜਾਖੜ ਨੇ ਅੱਜ ਫੇਸਬੁੱਕ ਲਾਈਵ ਪੋਸਟ ਰਾਹੀਂ ਕਾਂਗਰਸ ਛੱਡਣ ਦਾ ਐਲਾਨ ਕੀਤਾ ਹੈ।

 



ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਉਦੋਂ ਤੋਂ ਹੀ ਕਾਂਗਰਸ (Congress) ਲੀਡਰਸ਼ਿਪ ਤੋਂ ਨਾਰਾਜ਼ ਸਨ ,ਜਦੋਂ ਤੋਂ ਪਾਰਟੀ ਨੇ ਉਨ੍ਹਾਂ ਖਿਲਾਫ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਕਾਰਵਾਈ ਕੀਤੀ ਸੀ। ਜਾਖੜ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਕਿਹਾ, 'ਇਹ ਪਾਰਟੀ ਨੂੰ ਮੇਰਾ ਤੋਹਫ਼ਾ ਹੈ। ਕਾਂਗਰਸ ਨੂੰ ਸ਼ੁਭਕਾਮਨਾਵਾਂ ਅਤੇ ਅਲਵਿਦਾ।

 

ਸੋਸ਼ਲ ਮੀਡੀਆ ਤੋਂ ਹਟਾਇਆ ਕਾਂਗਰਸ ਦਾ ਨਾਂ


ਫੇਸਬੁੱਕ ਲਾਈਵ ਤੋਂ ਪਹਿਲਾਂ ਜਾਖੜ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਕਾਂਗਰਸ ਦਾ ਨਾਂ ਹਟਾ ਦਿੱਤਾ ਸੀ। ਪਿਛਲੇ ਸਾਲ ਜਦੋਂ ਅਮਰਿੰਦਰ ਸਿੰਘ ਅਤੇ ਸਿੱਧੂ ਵਿਚਕਾਰ ਵੱਡਾ ਝਗੜਾ ਹੋਇਆ ਸੀ। ਉਦੋਂ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਸੀ। ਅਜਿਹੇ 'ਚ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ 'ਤੇ ਜਿਸ ਦੇ ਨਾਂ ਦੀ ਸਭ ਤੋਂ ਜ਼ਿਆਦਾ ਚਰਚਾ ਹੋਈ, ਉਹ ਸਨ ਸੁਨੀਲ ਜਾਖੜ। ਹਾਲਾਂਕਿ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਇਹ ਕਹਿੰਦੇ ਹੋਏ ਮੁੱਖ ਮੰਤਰੀ ਚੁਣ ਲਿਆ ਗਿਆ ਕਿ ਪੰਜਾਬ ਲਈ ਇੱਕ ਦਲਿਤ ਸਿੱਖ ਮੁੱਖ ਮੰਤਰੀ ਹੋਣਾ ਚਾਹੀਦਾ ਹੈ।