ਚੰਡੀਗੜ੍ਹ: ਅੱਜ ਬਹੁ-ਕਰੋੜੀ ਡਰੱਗ ਰੈਕੇਟ 'ਤੇ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਹਾਈਕੋਰਟ ਵੱਲੋਂ ਖੋਲ੍ਹੀ ਜਾਵੇਗੀ। ਇਹ ਖੁਲਾਸਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਟਵੀਟ ਕਰਕੇ ਕੀਤਾ ਗਿਆ ਹੈ। ਉਨ੍ਹਾਂ ਟਵੀਟ ਕੀਤਾ ਹੈ ਕਿ ਬਹੁ-ਕਰੋੜੀ ਡਰੱਗ ਰੈਕੇਟ 'ਤੇ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਅੱਜ ਹਾਈਕੋਰਟ ਵੱਲੋਂ ਖੋਲ੍ਹੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਾਢੇ ਤਿੰਨ ਸਾਲ ਦੇ ਇੰਤਜ਼ਾਰ ਮਗਰੋਂ ਨਿਆਂਪਾਲਿਕਾ ਮੁੱਖ ਦੋਸ਼ੀ ਦਾ ਨਾਂ ਦੱਸੇਗੀ।


ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਾਈ ਕਮਾਨ ਦੇ 18 ਨੁਕਾਤੀ ਏਜੰਡੇ 'ਤੇ ਅਜੇ ਵੀ ਅਮਲ ਦੀ ਦਰਕਾਰ ਹੈ। ਸਿੱਧੂ ਵਿਰੋਧੀਆਂ ਦੇ ਨਾਲ-ਨਾਲ ਆਪਣੀ ਸਰਕਾਰ ਉੱਪਰ ਵੀ ਲਗਾਤਾਰ ਸਵਾਲ ਉਠਾ ਰਹੇ ਹਨ। ਉਧਰ, ਸਿੱਧੂ ਦੇ ਅਸਤੀਫੇ ਬਾਰੇ ਅਜੇ ਵੀ ਕੁਝ ਸਪਸ਼ਟ ਨਹੀਂ ਹੋਇਆ ਪਰ ਹਾਈਕਮਾਨ ਜਲਦ ਹੀ ਇਸ ਬਾਰੇ ਐਕਸ਼ਨ ਲਵੇਗੀ।




ਪਤਾ ਲੱਗਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੱਧੂ 14 ਅਕਤੂਬਰ ਨੂੰ ਪਾਰਟੀ ਦੇ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਤੇ ਪ੍ਰਦੇਸ਼ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਕਰਨਗੇ। ਰਾਵਤ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ, “ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ 14 ਅਕਤੂਬਰ ਨੂੰ ਸ਼ਾਮ 6 ਵਜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨਾਲ ਸਬੰਧਤ ਕੁਝ ਜਥੇਬੰਦਕ ਮਾਮਲਿਆਂ ਬਾਰੇ ਮੈਨੂੰ ਤੇ ਵੇਣੂਗੋਪਾਲ ਜੀ ਨੂੰ ਮਿਲਣਗੇ।”


ਦੱਸ ਦਈਏ ਕਿ 28 ਸਤੰਬਰ ਨੂੰ ਸਿੱਧੂ ਨੇ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿੱਚ ਸਿੱਧੂ ਨੇ ਕਿਹਾ ਸੀ ਕਿ ਉਹ ਪਾਰਟੀ ਦੀ ਸੇਵਾ ਕਰਦੇ ਰਹਿਣਗੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਸਰਕਾਰ ਦੇ ਕੁਝ ਫੈਸਲਿਆਂ ਤੋਂ ਨਾਰਾਜ਼ ਹੋ ਕੇ ਸਿੱਧੂ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।


ਇਹ ਵੀ ਪੜ੍ਹੋ: ਰਾਜਾ ਵੜਿੰਗ ਦਾ ਟਰਾਂਸਪੋਰਟਰਾਂ 'ਤੇ ਸ਼ਿਕੰਜਾ, ਹੁਣ ਪ੍ਰਈਵੇਟ ਬੱਸਾਂ ਲਈ ਕੀਤਾ ਨਵਾਂ ਐਲਾਨ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904