ਅਸ਼ਰਫ ਢੁੱਡੀ   

ਸੁਲਤਾਨਪੁਰ ਲੋਧੀ/ਚੰਡੀਗੜ੍ਹ: ਤਿੰਨ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਜਿਵੇਂ ਹੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ, ਉਸ ਤੋਂ ਬਾਅਦ ਪੰਜਾਬ ਹੀ ਨਹੀਂ ਦੇਸ਼ ਤੇ ਵਿਦੇਸ਼ 'ਚ ਖੁਸ਼ੀ ਮਨਾਈ ਗਈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਪੀਐਮ ਮੋਦੀ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਸਿੱਧੂ ਨੇ ਪੀਐਮ ਮੋਦੀ ਬਾਰੇ ਇਹ ਵੀ ਕਿਹਾ ਹੈ ਕਿ ਜੇਕਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਤੇ ਬਾਬੇ ਨਾਨਕ ਦੇ ਜਨਮ ਦਿਹਾੜੇ 'ਤੇ ਆਪਣੀ ਗਲਤੀ ਦਾ ਇਸਤਖਬਾਲ ਕਰ ਲਵੇ ਤਾਂ ਉਸ ਨੂੰ ਪੰਜਾਬ ਮੁਆਫ ਕਰੇ। ਨਵਜੋਤ ਸਿੱਧੂ ਨੇ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ।

ਸਿੱਧੂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਦਾ ਸਿਹਰਾ ਸੰਯੁਕਤ ਕਿਸਾਨ ਮੋਰਚਾ ਦੇ ਸਿਰ ਜਾਂਦਾ ਹੈ ਕਿਉਂਕਿ ਕਿਸਾਨ ਅੜੇ ਰਹੇ, ਕਿਸਾਨ ਖੜ੍ਹੇ ਰਹੇ, ਆਖਰ ਕਿਸਾਨਾਂ ਦੀ ਜਿੱਤ ਹੋਈ ਹੈ। ਜਦੋਂ ਕੋਈ ਧਰਮ ਦੀ ਰਾਹ ਉਤੇ ਤੁਰਦਾ ਹੈ ਤਾਂ ਉਸ ਨੂੰ ਕੋਈ ਹਰਾ ਨਹੀਂ ਸਕਦਾ। ਕਿਸਾਨੀ ਦਾ ਜੋ ਕਿੱਤਾ ਹੈ, ਉਹ ਬਾਬੇ ਨਾਨਕ ਦਾ ਕਿੱਤਾ ਹੈ। ਇਸ ਨੂੰ ਬਾਬੇ ਨਾਨਕ ਨੇ ਸਾਨੂੰ ਬਖਸ਼ਿਆ ਹੈ।

ਉਨ੍ਹਾਂ ਕਿਹਾ ਕਿ 650 ਦੇ ਕਰੀਬ ਕਿਸਾਨਾਂ ਦੀਆਂ ਸ਼ਹਾਦਤਾਂ ਇਸ ਕਿਸਾਨ ਅੰਦੋਲਨ ਵਿੱਚ ਹੋਈਆਂ ਹਨ। ਅੱਜ ਉਨ੍ਹਾਂ ਅਣਥਕ ਹਿੰਮਤਾਂ ਨੂੰ ਬੂਰ ਪਿਆ ਹੈ। ਸਿੱਧੂ ਨੇ ਕਿਹਾ ਕਿ ਉਸ ਪ੍ਰਮਾਤਮਾ ਦੀ ਨਜ਼ਰ ਸੁਵੱਲੀ ਹੋਈ ਹੈ। ਅੱਜ ਇੱਕ ਪਾਸੇ ਜਿੱਥੇ ਲਾਂਘਾ ਖੁੱਲ੍ਹਿਆ ਹੈ, ਉੱਥੇ ਹੀ ਦੂਜੇ ਪਾਸੇ ਖੇਤੀ ਕਾਨੂੰਨ ਵੀ ਵਾਪਸ ਲੈਣ ਦਾ ਐਲਾਨ ਹੋਇਆ ਹੈ। ਇਸ ਲਾਂਘਾ ਖੁੱਲ੍ਹਣ ਦੇ ਨਾਲ ਹੋਰ ਵੀ ਰਾਹ ਖੁੱਲ੍ਹਣਗੇ। ਨਵਜੋਤ ਸਿੱਧੂ ਨੇ ਕਿਹਾ ਹੈ ਕਿ ਹੁਣ ਖੇਤੀ ਨੂੰ ਹੋਰ ਅੱਗੇ ਲੈ ਕੇ ਜਾਣ ਦਾ ਅਸਲੀ ਚੈਲੇਂਜ ਹੈ। ਕਿਸਾਨੀ ਨੂੰ ਅੱਗੇ ਲੈ ਕੇ ਜਾਣ ਲਈ ਇੱਕ ਵੱਡਾ ਪਲੈਨ ਹੋਣਾ ਚਾਹੀਦਾ ਹੈ।

ਪੰਜਾਬ ਦੇ ਮੁੱਦੇ ਉੱਤੇ ਵੀ ਸਿੱਧੂ ਗੱਲ ਕਰਨ ਤੋਂ ਪਿੱਛੇ ਨਹੀਂ ਰਹਿੰਦੇ। ਸਿੱਧੂ ਨੇ ਕਿਹਾ ਕਿ ਜੋ 4 ਮਹੀਨੇ ਵਿੱਚ 500 ਵਾਅਦੇ ਕਰ ਰਹੇ ਹਨ ਤੇ ਪੂਰੇ 2 ਵਾਅਦੇ ਵੀ ਨਹੀਂ ਹੋਏ, ਉਨ੍ਹਾਂ ਨੂੰ ਪ੍ਰਮਾਤਮਾ ਸਮਝ ਬਖਸ਼ੇ । ਝੂਠ ਤੇ ਸਵਾਂਗ ਤੇ ਲੋਲੀਪਾਪ 'ਤੇ ਪੰਜਾਬ ਨਹੀਂ ਸਿਰਜਿਆ ਜਾ ਸਕਦਾ। ਗੱਲਾਂ ਹੀ ਗੱਲਾਂ ਵਿੱਚ ਬਿਨਾਂ ਨਾਮ ਲਏ ਨਵਜੋਤ ਸਿੱਧੂ ਫਿਰ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕਦੇ ਨਜਰ ਆਏ।

ਸਿੱਧੂ ਨੇ ਵਿਰੋਧੀਆਂ ਨੂੰ ਵੀ ਨਹੀਂ ਬਖਸ਼ਿਆ। ਵਿਰੋਧੀਆ ਬਾਰੇ ਵੀ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਜੋ ਕਹੇਗਾ ਤੇਰਾ ਤੇਰਾ ਉਹੀ ਤਰੇਗਾ ਤੇ ਜੋ ਕਹੇਗਾ ਮੇਰਾ ਮੇਰਾ, ਮੇਰੀਆ ਬੱਸਾਂ, ਮੇਰੇ ਹੋਟਲ, ਉਹ ਸਿਆਸੀ ਤੌਰ 'ਤੇ ਮਰੇਗਾ। ਨਵਜੋਤ ਸਿੱਧੂ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਸੀ। ਨਵਜੋਤ ਸਿੱਧੂ ਨੇ ਕਿਹਾ ਕਿ ਉਹ 20 ਨਵੰਬਰ 2021 ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਣਗੇ।