ਰੌਬਟ ਦੀ ਰਿਪੋਰਟ
ਚੰਡੀਗੜ੍ਹ: ਮਹਿੰਗਾਈ ਨੇ ਚਾਰੇ ਪਾਸੇ ਆਮ ਆਦਮੀ ਨੂੰ ਪ੍ਰੇਸ਼ਾਨ ਕੀਤਾ ਪਿਆ ਹੈ। ਵਧਦੀ ਮਹਿੰਗਾਈ ਖਿਲਾਫ ਅੱਜ ਕਾਂਗਰਸ ਚੰਡੀਗੜ੍ਹ 'ਚ ਪ੍ਰਦਰਸ਼ਨ ਕਰੇਗੀ। ਇਸ ਦੌਰਾਨ ਨਵਜੋਤ ਸਿੱਧੂ ਦੀ ਅਗਵਾਈ ਹੇਠ ਸੂਬੇ ਭਰ ਤੋਂ ਕਾਂਗਰਸੀਆਂ ਦਾ ਇਕੱਠ ਹੋਵੇਗਾ। ਇਹ ਪ੍ਰਦਰਸ਼ਨ ਕਾਂਗਰਸ ਭਵਨ ਵਿਖੇ ਕੀਤਾ ਜਾਵੇਗਾ। ਇਸ ਲਈ ਸਾਰੇ ਕਾਂਗਰਸੀਆਂ ਨੂੰ ਸਵੇਰੇ 11 ਵਜੇ ਚੰਡੀਗੜ੍ਹ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਜ਼ਿਲ੍ਹਾ ਪੱਧਰ ’ਤੇ ਪ੍ਰਦਰਸ਼ਨ ਕਰ ਰਹੀ ਸੀ।
ਇਸ ਪ੍ਰਦਰਸ਼ਨ ਵਿੱਚ ਸਭ ਤੋਂ ਅਹਿਮ ਕਾਰਕ ਕਾਂਗਰਸ ਦੀ ਧੜੇਬੰਦੀ ਹੋਵੇਗੀ। ਪਿਛਲੀ ਸਰਕਾਰ 'ਚ ਮੁੱਖ ਮੰਤਰੀ ਰਹੇ ਚਰਨਜੀਤ ਚੰਨੀ ਤੋਂ ਇਲਾਵਾ ਚੋਣਾਂ ਜਿੱਤਣ ਤੇ ਹਾਰਨ ਵਾਲੇ ਜ਼ਿਆਦਾਤਰ ਮੰਤਰੀਆਂ ਨੇ ਸਿੱਧੂ ਤੋਂ ਦੂਰੀ ਬਣਾ ਰੱਖੀ ਹੈ। ਅਜਿਹੇ 'ਚ ਉਹ ਪ੍ਰਦਰਸ਼ਨ 'ਚ ਸ਼ਾਮਲ ਹੁੰਦੇ ਹਨ ਜਾਂ ਨਹੀਂ, ਇਸ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਪੰਜਾਬ ਵਿੱਚ ਇਸ ਸਮੇਂ ਕਾਂਗਰਸ ਨੂੰ ਸੂਬਾ ਪ੍ਰਧਾਨ ਦੀ ਉਡੀਕ ਹੈ। ਚੋਣ ਹਾਰ ਤੋਂ ਬਾਅਦ ਸੋਨੀਆ ਗਾਂਧੀ ਨੇ ਨਵਜੋਤ ਸਿੱਧੂ ਦਾ ਅਸਤੀਫਾ ਲੈ ਲਿਆ ਹੈ। ਇਸ ਦੇ ਬਾਵਜੂਦ ਸਿੱਧੂ ਪੂਰੀ ਸਰਗਰਮੀ ਨਾਲ ਕੰਮ ਕਰ ਰਹੇ ਹਨ। ਉਹ ਪੰਜਾਬ ਦੇ ਲੁਧਿਆਣਾ, ਪਟਿਆਲਾ, ਕਪੂਰਥਲਾ ਦਾ ਦੌਰਾ ਕਰ ਚੁੱਕੇ ਹਨ ਤੇ ਸਮਰਥਕਾਂ ਨੂੰ ਮਿਲੇ ਹਨ। ਇਸ ਤੋਂ ਇਲਾਵਾ ਗੁਰਦਾਸਪੁਰ ਤੇ ਬਹਿਬਲ ਕਲਾਂ ਵੀ ਪ੍ਰਦਰਸ਼ਨ ਲਈ ਗਏ ਹਨ। ਉਨ੍ਹਾਂ ਦੇ ਸਮਰਥਕਾਂ ਦਾ ਤਰਕ ਹੈ ਕਿ ਸਿੱਧੂ ਦਾ ਅਸਤੀਫਾ ਅਜੇ ਤੱਕ ਹਾਈਕਮਾਂਡ ਨੇ ਪ੍ਰਵਾਨ ਨਹੀਂ ਕੀਤਾ, ਇਸ ਲਈ ਉਹ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ।
ਕਾਂਗਰਸ ਨੇ ਪਿਛਲੀਆਂ ਚੋਣਾਂ 'ਚ ਚਰਨਜੀਤ ਚੰਨੀ 'ਤੇ ਦਾਅ ਖੇਡਿਆ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਚੰਨੀ ਨੂੰ ਸੁਨੀਲ ਜਾਖੜ, ਸੁਖਜਿੰਦਰ ਰੰਧਾਵਾ ਅਤੇ ਨਵਜੋਤ ਸਿੱਧੂ ਨੂੰ ਪਿੱਛੇ ਛੱਡ ਕੇ ਮੁੱਖ ਮੰਤਰੀ ਬਣਾਇਆ ਗਿਆ ਸੀ। ਇਸ ਤੋਂ ਬਾਅਦ ਚੰਨੀ ਨੇ 111 ਦਿਨਾਂ ਦੀ ਮਿਆਦ 'ਤੇ ਚੋਣ ਲੜੀ ਸੀ। ਸਿੱਧੂ ਨੂੰ ਬਾਈਪਾਸ ਕਰਕੇ ਚੰਨੀ ਨੂੰ ਵੀ ਮੁੱਖ ਮੰਤਰੀ ਚਿਹਰਾ ਬਣਾ ਦਿੱਤਾ ਗਿਆ। ਹਾਲਾਂਕਿ, ਉਹ ਚੋਣ ਵਿੱਚ ਭਦੌੜ ਦੇ ਨਾਲ ਆਪਣੀ ਘਰੇਲੂ ਸੀਟ ਚਮਕੌਰ ਸਾਹਿਬ ਹਾਰ ਗਏ ਸਨ। ਉਦੋਂ ਤੋਂ ਉਨ੍ਹਾਂ ਨੇ ਰਾਜਨੀਤੀ ਤੋਂ ਦੂਰੀ ਬਣਾ ਲਈ ਹੈ।