ਚੰਡੀਗੜ੍ਹ: ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਸਭਨਾ ਦੇ ਦਿਲ ਜਿੱਤ ਲਏ। ਉਨ੍ਹਾਂ ਨੇ ਪੂਰੇ ਉਤਸ਼ਾਹ ਨਾਲ ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧੰਨਵਾਦ ਕੀਤੇ, ਉੱਥੇ ਹੀ ਦੋਸਤੀ ਤੇ ਪਿਆਰ ਦਾ ਸੁਨੇਹਾ ਦੇ ਮੇਲਾ ਲੁੱਟ ਲਿਆ। ਸਿੱਧੂ ਦੇ ਇੱਕ-ਇੱਕ ਬਿਆਨ ਦਾ ਹਾਜ਼ਰ ਲੋਕਾਂ ਨੇ ਤਾਲੀਆਂ ਨਾਲ ਸਵਾਗਤ ਕੀਤਾ।


ਦਿਲਚਸਪ ਗੱਲ਼ ਹੈ ਕਿ ਸਿੱਧੂ ਨੂੰ ਸਭ ਤੋਂ ਪਹਿਲਾਂ ਬੋਲਣ ਦਾ ਮੌਕਾ ਦਿੱਤਾ ਗਿਆ। ਉਨ੍ਹਾਂ ਨੇ ਪੂਰਾ ਭਾਸ਼ਨ ਪੰਜਾਬੀ ਵਿੱਚ ਦਿੱਤਾ। ਦੂਜੇ ਪਾਸੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਿੰਦੀ ਵਿੱਚ ਭਾਸ਼ਨ ਦਿੱਤਾ। ਸਿੱਧੂ ਨੇ ਸਮਾਗਮ ਦੀ ਸਟੇਜ 'ਤੇ ਸ਼ਾਇਰੀ ਨਾਲ ਪਿਆਰ ਦਾ ਸੁਨੇਹਾ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ। ਸਿੱਧੂ ਨੇ ਇਮਰਾਨ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਤੇ ਇਮਰਾਨ ਖਾਨ ਨੇ ਪੁੰਨ ਦਾ ਕੰਮ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਧਰਮ ਨੂੰ ਰਾਜਨੀਤੀ ਤੇ ਅੱਤਵਾਦ ਨਾਲ ਨਾ ਜੋੜੋ।

ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਲੋਕਾਂ ਦੇ ਦਿਲਾਂ ਨੂੰ ਜੋੜੇਗਾ। ਗੱਲਬਾਤ ਵਧੇਗੀ ਤਾਂ ਭੁਲੇਖੇ ਦੂਰ ਹੋਣਗੇ। ਇਸ ਲਈ ਦੋਵਾਂ ਸਰਕਾਰਾਂ ਨੂੰ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਇਸ ਕਰਮ ਨੂੰ ਇਤਿਹਾਸ 'ਚ ਲਿਖਿਆ ਜਾਵੇਗਾ। ਇਹ ਲਾਂਘਾ ਅਗਲੇ ਨਵੰਬਰ 'ਚ ਖੋਲ੍ਹਿਆ ਜਾਵੇਗਾ।