ਰਮਨਦੀਪ ਕੌਰ ਰਿਪੋਰਟ


ਚੰਡੀਗੜ੍ਹ: ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਵੀ ਪੰਜਾਬ 'ਚ ਕਾਂਗਰਸ ਦਾ ਕਾਟੋ-ਕਲੇਸ਼ ਖ਼ਤਮ ਨਹੀਂ ਹੋਇਆ। ਸਗੋਂ ਹੋਰ ਵਧਦਾ ਜਾ ਰਿਹਾ ਹੈ ਕਿਉਂਕਿ ਕੁਝ ਵੀ ਹੋਵੇ ਅੰਦਰ ਖਾਤੇ ਅਜੇ ਤਕ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਦਿਲ ਦੀਆਂ ਤਾਰਾਂ ਜੁੜੀਆਂ ਨਹੀਂ।


ਅਜਿਹੇ 'ਚ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਤੋਂ ਬਾਗੀ ਸੁਰਾਂ ਚ ਆਪਣੀ ਹੀ ਪਾਰਟੀ ਖ਼ਿਲਾਫ ਬੋਲਣ ਤੋਂ ਗੁਰੇਜ਼ ਨਹੀਂ ਕੀਤਾ। ਨਵਜੋਤ ਸਿੱਧੂ ਨੇ ਅੰਮ੍ਰਿਤਸਰ 'ਚ ਬੋਲਦਿਆਂ ਕਿਹਾ ਕਿ ਜੇਕਰ ਫੈਸਲੇ ਲੈਣ ਦੀ ਤਾਕਤ ਨਾ ਦਿੱਤੀ ਤਾਂ ਇੱਟ ਨਾਲ ਇੱਟ ਖੜਕਾ ਦੇਵਾਂਗਾ। ਦਰਸ਼ਨੀ ਘੋੜਾ ਬਣ ਕੇ ਨਹੀਂ ਰਹਿਣਾ, ਫੈਸਲੇ ਲੈਣੇ ਪੈਣਗੇ। 


ਸਿੱਧੂ ਨੇ ਇਕ ਵਾਰ ਫਿਰ ਤੋਂ ਬਿਨਾਂ ਨਾਂ ਲਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਖਿਲਾਫ ਭੜਾਸ ਕੱਢੀ ਹੈ। ਸਿੱਧੂ ਨੇ ਬਿਜਲੀ ਦਰਾਂ 'ਤੇ ਵੀ ਸੁਆਲ ਖੜ੍ਹਾ ਕੀਤਾ। ਉਨ੍ਹਾਂ ਕਿਹਾ ਪੰਜਾਬ ਦੇ ਲੋਕ ਨਿਰਾਸ਼ ਹਨ। ਅੱਜ ਬਿਜਲੀ 9 ਰੁਪਏ ਮਿਲਦੀ ਹੈ ਪਰ ਇਹ ਤਿੰਨ ਰੁਪਏ ਪ੍ਰਤੀ ਯੂਨਿਟ ਮਿਲ ਸਕਦੀ ਹੈ। 


ਸਿੱਧੂ ਨੇ ਸੁਆਲ ਕੀਤਾ ਘਪਲੇ ਕੌਣ ਕਰ ਰਿਹਾ ਹੈ? ਵਾਈਟ ਪੇਪਰ ਕੌਣ ਨਹੀਂ ਲਿਆਉਣਾ ਚਾਹੁੰਦਾ। ਜੇ ਜਾਨ ਦੀ ਬਾਜ਼ੀ ਵੀ ਲਾਉਣੀ ਪਈ ਤਾਂ ਲਾਵਾਂਗਾ ਪਰ ਪਾਵਰ ਪਰਚੇਜ ਐਗਰੀਮੈਂਟ ਰੱਦ ਕਰਾਂਵਾਂਗਾ। ਸਿੱਧੂ ਨੇ ਕਿਹਾ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰ ਚੁੱਕਾ ਹਾਂ ਜੇ ਤਿੰਨ ਰੁਪਏ ਬਿਜਲੀ ਦੇਵਾਂਗੇ ਤਾਂ ਸ਼ਹਿਰਾਂ 'ਚ ਮੁੜ ਆਸ ਬੱਝੇਗੀ। 


ਇੱਧਰ ਨਵਜੋਤ ਸਿੰਘ ਸਿੱਧੂ ਬਿਨਾਂ ਨਾਂ ਲਏ ਕੈਪਟਨ ਨੂੰ ਲਲਕਾਰ ਗਏ ਤੇ ਓਧਰ ਕੈਪਟਨ ਅਮਰਿੰਦਰ ਆਪਣੇ ਖਾਸ ਮੰਤਰੀਆਂ, ਵਿਧਾਇਕਾਂ ਨਾਲ ਸ਼ਕਤੀ ਪ੍ਰਦਰਸ਼ਨ 'ਚ ਰੁੱਝੇ ਸਨ। ਕੈਪਟਨ ਨੇ ਆਪਣੇ ਖਾਸ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਘਰ ਡਿਨਰ ਰੱਖਿਆ ਸੀ। ਜਦੋਂ ਕੈਪਟਨ ਸਿਆਸੀ ਤਾਕਤ ਦਿਖਾ ਰਹੇ ਸਨ ਤਾਂ ਸਿੱਧੂ ਕਹਿ ਰਹੇ ਸਨ ਮੈਂ ਝੂਠੀਆਂ ਸਹੁੰਆਂ ਨਹੀਂ ਖਾਂਦਾ। ਸਿੱਧੂ ਨੇ ਬੇਬਾਕੀ ਨਾਲ ਕਿਹਾ ਇਕ ਲੱਖ ਪੋਸਟ ਭਰੀ ਨਹੀਂ ਗਈ। 


ਇਨ੍ਹਾਂ ਗੱਲਾਂ ਤੋਂ ਸਪਸ਼ਟ ਹੈ ਕਿ ਨਵਜੋਤ ਸਿੱਧੂ ਤੇ ਕੈਪਟਨ ਦੀ ਸੋਚ ਅੱਜ ਵੀ ਵੱਖ-ਵੱਖ ਹੈ ਤੇ ਦੋਵਾਂ ਦਾ ਮਿਲ ਕੇ ਚੱਲਣਾ ਔਖਾ ਹੈ। ਸ਼ਾਇਦ ਇਸੇ ਲਈ ਸਿੱਧੂ ਨੇ ਕਿਹਾ ਜੇਕਰ ਫੈਸਲੇ ਲੈਣ ਦੀ ਤਾਕਤ ਨਾ ਦਿੱਤੀ ਤਾਂ ਇੱਟ ਨਾਲ ਇੱਟ ਖੜਕਾ ਦਿਆਂਗਾ।