ਅੰਮ੍ਰਿਤਸਰ: ਨਗਰ ਨਿਗਮ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਗੁਰੂ ਨਗਰੀ ਵਿੱਚ ਨਵੇਂ ਬਣੇ ਨਗਰ ਨਿਗਮ ਹਾਊਸ ਦੀ ਕੱਲ੍ਹ 9 ਫਰਵਰੀ ਨੂੰ ਪਹਿਲੀ ਬੈਠਕ ਹੋਣ ਜਾ ਰਹੀ ਹੈ। ਇਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਤੇ ਅੰਮ੍ਰਿਤਸਰ ਤੋਂ ਪੂਰਬੀ ਹਲਕੇ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਣਗੇ। ਕੱਲ੍ਹ ਸਿੱਧੂ ਵੱਲੋਂ ਅੰਮ੍ਰਿਤਸਰ ਦੇ ਨਵੇਂ ਮੇਅਰ ਤੇ ਕੌਂਸਲਰਾਂ ਨਾਲ ਬੈਠਕ ਕਰਕੇ ਗੁਰੂ ਨਗਰੀ ਦੇ ਵਿਕਾਸ ਸਬੰਧੀ ਰਣਨੀਤੀ ਤਿਆਰ ਕੀਤੀ ਜਾਵੇਗੀ।


ਦਰਅਸਲ ਪੰਜਾਬ ਦੇ ਤਿੰਨ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੂੰ ਮਿਲੀ ਵੱਡੀ ਜਿੱਤ ਤੋਂ ਬਾਅਦ ਜਦੋਂ ਇਨ੍ਹਾਂ ਸ਼ਹਿਰਾਂ ਦੇ ਮੇਅਰਾਂ ਦੇ ਨਾਮ ਦੇ ਐਲਾਨ ਹੋਣੇ ਸਨ ਤਾਂ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ਗੀ ਦਾ ਇਜ਼ਹਾਰ ਕੀਤਾ ਸੀ। ਕੁਝ ਦਿਨਾਂ ਬਾਅਦ ਹੀ ਸਿੱਧੂ ਨੇ ਸਫਾਈ ਦਿੱਤੀ ਕਿ ਹੁਣ ਸਭ ਕੁਝ ਠੀਕ ਹੈ। ਇਸ ਤੋਂ ਬਾਅਦ ਸਿੱਧੂ ਅੰਮ੍ਰਿਤਸਰ ਦੇ ਨਵੇਂ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਖੁਦ ਮੇਅਰ ਦੀ ਕੁਰਸੀ 'ਤੇ ਬਿਠਾਉਣ ਪਹੁੰਚੇ ਸੀ ਤੇ ਅਗਲੇ ਦਿਨ ਸ਼ਹਿਰ ਦੀਆਂ ਸੜਕਾਂ ਤੇ ਸਫਾਈ ਕਰਦੇ ਵੀ ਨਜ਼ਰ ਆਏ ਸਨ।

ਸਿੱਧੂ ਨੇ ਇਹ ਵੀ ਸਾਫ ਕੀਤਾ ਸੀ ਕਿ ਭਾਵੇਂ ਉਨ੍ਹਾਂ ਨੂੰ ਮੇਅਰ ਦੀ ਚੋਣ ਵੇਲੇ ਨਜ਼ਰਅੰਦਾਜ਼ ਕੀਤਾ ਗਿਆ ਸੀ ਪਰ ਪੰਜਾਬ ਤੇ ਖਾਸ ਕਰਕੇ ਗੁਰੂ ਨਗਰੀ ਦੇ ਵਿਕਾਸ ਨੂੰ ਉਹ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਗੇ। ਇਸੇ ਦੇ ਚੱਲਦਿਆਂ ਸਿੱਧੂ ਨੇ ਕੱਲ੍ਹ ਹੋਣ ਵਾਲੀ ਨਿਗਮ ਹਾਊਸ ਦੀ ਪਲੇਠੀ ਬੈਠਕ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਉਮੀਦ ਹੈ ਕਿ ਕੱਲ੍ਹ ਸਿੱਧੂ ਵੱਲੋਂ ਅੰਮ੍ਰਿਤਸਰ ਦੇ ਵਿਕਾਸ ਲਈ ਨਗਰ ਨਿਗਮ ਨੂੰ ਕਰੋੜਾਂ ਦੇ ਗੱਫੇ ਵੀ ਦਿੱਤੇ ਜਾ ਸਕਦੇ ਹਨ।