ਬ੍ਰਹਮਪੁਰਾ ਨੇ ਕਿਹਾ ਕਿ ਅਸੀਂ ਸਿੱਧੂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਉਹ ਟਕਸਾਲੀ ਦਲ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਹੋਣਗੇ। ਇਸ ਬਾਰੇ ਸਿੱਧੂ ਨਾਲ ਗੱਲ਼ਬਾਤ ਚੱਲ ਰਹੀ ਹੈ। ਇਸ ਕੰਮ ਲਈ ਸੇਵਾ ਸਿੰਘ ਸੇਖਵਾਂ ਤੇ ਰਤਨ ਸਿੰਘ ਅਜਨਾਲਾ ਦੀ ਜ਼ਿੰਮੇਵਾਰੀ ਲਾਈ ਗਈ ਹੈ। ਉਹ ਸਿੱਧੂ ਨਾਲ ਗੱਲਬਾਤ ਕਰ ਰਹੇ ਹਨ। ਬ੍ਰਹਮਪੁਰਾ ਨੇ ਸਿੱਧੂ ਦੇ ਮੁੱਖ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਦੀ ਅਲੋਚਨਾ ਕਰਦਿਆਂ ਕਿਹਾ, "ਉਹ 12 ਵਜੇ ਉੱਠਦਾ ਤੇ 3 ਵਜੇ ਸੌਂਦਾ ਹੈ। ਉਹ ਭਲਾ ਪੰਜਾਬ ਨੂੰ ਕਿਵੇਂ ਚਲਾਏਗਾ।"
ਬ੍ਰਹਮਪੁਰਾ ਨੇ ਅਕਾਲੀ ਦਲ ਨੂੰ ਵੰਗਾਰਦਿਆਂ ਕਿਹਾ ਕਿ ਲੋਕ ਸਭਾ 'ਚ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਨਾਗਰਿਕਤਾ ਸੋਧ ਬਿੱਲ ਦੇ ਹੱਕ 'ਚ ਵੋਟ ਕੀਤੀ ਸੀ। ਜੇ ਹਰਸਿਮਰਤ ਨੂੰ ਬੀਜੇਪੀ ਕੱਢ ਦੇਵੇ ਤਾਂ ਅਕਾਲੀ ਗੱਠਜੋੜ ਤੋੜ ਦੇਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਬੀਜੇਪੀ ਨਾਲ ਲੜਾਈ ਨਾਗਰਿਕਤਾ ਕਾਨੂੰਨ ਕਰਕੇ ਨਹੀਂ ਸਗੋਂ ਸੀਟਾਂ ਦਾ ਝਗੜਾ ਸੀ। ਅਕਾਲੀ ਦਲ 8 ਸੀਟਾਂ ਮੰਗਦਾ ਸੀ ਪਰ ਬੀਜੇਪੀ ਇੱਕ ਦਿੰਦੀ ਸੀ। ਅਕਾਲੀ ਹੁਣ ਕਹਾਣੀਆਂ ਬਣਾ ਰਹੇ ਹਨ। ਉਨ੍ਹਾਂ ਨੂੰ ਵੋਟ ਕਰਨ ਲੱਗੇ ਪਤਾ ਨਹੀਂ ਲੱਗਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੁਣ ਨਹੀਂ ਚੱਲਣਾ। ਪੰਜਾਬ 'ਚ ਬੀਜੇਪੀ ਕਿਸੇ ਹੋਰ ਪਾਰਟੀ ਨਾਲ ਗੰਢਤੁੱਪ ਕਰੇਗੀ। ਬੀਜੇਪੀ ਪੰਜਾਬ 'ਚ ਇਕੱਲੇ ਚੋਣ ਨਹੀਂ ਲੜ ਸਕਦੀ। ਗੱਠਜੋੜ ਦੀ ਕਸਰ ਅਕਾਲੀ ਦਲ-ਬੀਜੇਪੀ ਨੇ ਦਿੱਲੀ 'ਚ ਕੱਢ ਦਿੱਤੀ। ਇਸ ਲਈ ਪੰਜਾਬ ਵਿੱਚ ਵੀ ਇਹ ਨਹੀਂ ਚੱਲ਼ਣਾ।