Punjab News : ਰੋਡਰੇਜ ਮਾਮਲੇ 'ਚ ਇਕ ਸਾਲ ਦੀ ਸਜ਼ਾ ਕੱਟ ਕੇ ਬਾਹਰ ਆਏ ਨਵਜੋਤ ਸਿੱਧੂ (Navjot Singh Sidhu) ਸੋਮਵਾਰ ਨੂੰ ਸਿੱਧੂ ਮੂਸੇਵਾਲਾ ਦੀ ਹਵੇਲੀ ਪਿੰਡ ਮੂਸਾ ਵਿਖੇ ਪਰਿਵਾਰ ਨਾਲ ਦੁੱਖ ਜ਼ਾਹਰ ਕਰਨ ਜਾਣਗੇ। ਇਸ ਤੋਂ ਪਹਿਲਾਂ ਉਹ ਕਾਲੀ ਮਾਤਾ ਮੰਦਿਰ ਅਤੇ ਦੁੱਖ ਨਿਵਾਰਨ ਗੁਰਦੁਆਰੇ ਜਾ ਕੇ ਦਰਸ਼ਨ ਕਰਨਗੇ।ਪਹਿਲਾਂ ਨਵਜੋਤ ਸਿੰਘ ਸਿੱਧੂ ਐਤਵਾਰ ਨੂੰ ਹੀ ਸਿੱਧੂ ਮੂਸੇਵਾਲਾ ਦੇ ਘਰ ਜਾਣਾ ਚਾਹੁੰਦਾ ਸੀ ਪਰ ਕਿਸੇ ਕਾਰਨ ਸੋਮਵਾਰ ਨੂੰ ਦੁਪਹਿਰ 1 ਵਜੇ ਤੱਕ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ।
ਦੱਸ ਦੇਈਏ ਕਿ 1988 ‘ਚ ਹੋਏ ਰੋਡ ਰੇਜ ਮਾਮਲੇ 'ਚ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਇੱਕ ਸਾਲ ਦੀ ਸਜ਼ਾ ਕੱਟ ਕੇ ਬਾਹਰ ਆ ਚੁੱਕੇ ਹਨ। ਜੇਲ੍ਹ ਤੋਂ ਬਾਹਰ ਆਉਂਦੇ ਹੀ ਨਵਜੋਤ ਸਿੰਘ ਸਿੱਧੂ ਨੇ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਸੀ। ਨਵਜੋਤ ਸਿੰਘ ਸਿੱਧੂ ਵੱਲੋਂ ਕਿਹਾ ਗਿਆ ਕਿ ਸੋਮਵਾਰ ਨੂੰ ਉਹ ਪਿੰਡ ਮੂਸਾ ਵਿੱਚ ਸਿੱਧੂ ਮੂਸੇਵਾਲਾ ਦੀ ਹਵੇਲੀ ਜਾ ਕੇ ਉਸਦੇ ਮਾਂ ਬਾਪ ਨਾਲ ਦੁੱਖ ਸਾਂਝਾ ਕਰਨਗੇ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਉਹ ਮੂਸਾ ਪਿੰਡ ਦਾ ਦੌਰਾ ਕਰਨ ਤੋਂ ਬਾਅਦ ਹੀ ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਗੱਲ ਕਰਨਗੇ।
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਵਿੱਚ ਲਿਆਂਦਾ ਸੀ।ਮੂਸੇਵਾਲਾ ਨੂੰ ਵੀ ਉਨ੍ਹਾਂ ਦੇ ਇਸ਼ਾਰੇ 'ਤੇ ਹੀ ਚੋਣਾਂ 'ਚ ਟਿਕਟ ਮਿਲੀ ਸੀ ਪਰ ਨਵਜੋਤ ਸਿੰਘ ਦੇ ਜੇਲ੍ਹ ਜਾਣ ਤੋਂ 9 ਦਿਨ ਬਾਅਦ ਹੀ ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸੀ।
ਓਧਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪਿਛਲੇ ਸਾਢੇ 10 ਮਹੀਨਿਆਂ ਤੋਂ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ ਰਹੇ ਹਨ। ਸਰਕਾਰਾਂ ਖ਼ਿਲਾਫ਼ ਮੋਰਚਾ ਵੀ ਖੋਲ੍ਹਿਆ ਗਿਆ ਸੀ ਪਰ ਉਨ੍ਹਾਂ ਦੇ ਬਿਆਨ ਅਨੁਸਾਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਆਸ ਲਗਾਈ ਜਾ ਰਹੀ ਹੈ ਕਿ ਹੁਣ ਨਵਜੋਤ ਸਿੰਘ ਦੇ ਬਾਹਰ ਹੋਣ ਤੋਂ ਬਾਅਦ ਜਸਟਿਸ ਫਾਰ ਮੂਸੇਵਾਲਾ ਮੁਹਿੰਮ ਨੂੰ ਵੀ ਹੁਲਾਰਾ ਮਿਲੇਗਾ।