Punjab News : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣਾ ਸੀ ਪਰ ਹੁਣ ਉਹ ਪੇਸ਼ ਨਹੀਂ ਹੋਣਗੇ। ਤਬੀਅਤ ਵਿਗੜਨ ਤੋਂ ਬਾਅਦ ਮੈਡੀਕਲ ਟੀਮ ਵੱਲੋਂ ਅੱਜ ਉਨ੍ਹਾਂ ਦਾ ਹੈਲਥ ਚੈਕਅਪ ਕਰਵਾਇਆ ਗਿਆ ,ਜਿਸ ਵਿਚ ਉਨ੍ਹਾਂ ਨੂੰ ਰੈਸਟ ਕਰਨ ਦੀ ਸਲਾਹ ਦਿੱਤੀ ਗਈ ਸੀ ,ਜਿਸ ਕਾਰਨ ਉਹ ਅੱਜ ਕੋਰਟ ਨਹੀਂ ਜਾਣਗੇ। ਦੂਸਰੇ ਪਾਸੇ ਜੇਲ੍ਹ ਪ੍ਰਸ਼ਾਸ਼ਨ ਨੇ ਕੋਰਟ ਦੇ ਹੁਕਮਾਂ ਅਨੁਸਾਰ ਅੱਜ ਜਾਣ ਦੇ ਲਈ ਤਿਆਰੀ ਕੀਤੀ ਹੋਈ ਸੀ।
ਦਰਅਸਲ 'ਚ ਨਵਜੋਤ ਸਿੰਘ ਸਿੱਧੂ ਨੂੰ ਡਾਕਟਰਾਂ ਨੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਯਾਤਰਾ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਹਾਲਾਂਕਿ ਉਸ ਦੀ ਪੇਸ਼ੀ ਨੂੰ ਲੈ ਕੇ ਸਵੇਰੇ ਤੋਂ ਹੀ ਸਸਪੈਂਸ ਬਣਿਆ ਹੋਇਆ ਸੀ ਕਿ ਉਹ ਅਦਾਲਤ 'ਚ ਪੇਸ਼ ਹੋਵੇਗਾ ਜਾਂ ਨਹੀਂ ਪਰ ਹੁਣ ਸਾਫ਼ ਹੋ ਗਿਆ ਹੈ ਕਿ ਸਿਹਤ ਖਰਾਬ ਹੋਣ ਕਾਰਨ ਨਵਜੋਤ ਸਿੱਧੂ ਲੁਧਿਆਣਾ ਦੀ ਅਦਾਲਤ 'ਚ ਪੇਸ਼ ਨਹੀਂ ਹੋਣਗੇ।
ਦੱਸ ਦੇਈਏ ਕਿ ਪਟਿਆਲਾ ਜੇਲ੍ਹ ਵਿਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਅੱਜ ਲੁਧਿਆਣਾ ਦੀ ਅਦਾਲਤ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ ਬਰਖਾਸਤ ਪੁਲਿਸ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵੱਲੋਂ ਦਾਇਰ ਕੇਸ ਵਿੱਚ ਗਵਾਹ ਵਜੋਂ ਪੇਸ਼ ਹੋਣਾ ਸੀ। ਸੀਜੇਐਮ ਸੁਮਿਤ ਮੱਕੜ ਦੀ ਅਦਾਲਤ ਨੇ ਸਿੱਧੂ ਖ਼ਿਲਾਫ਼ ਪ੍ਰੋਡਕਸ਼ਨ ਵਾਰੰਟ ਜਾਰੀ ਕਰਕੇ ਉਨ੍ਹਾਂ ਨੂੰ ਗਵਾਹ ਵਜੋਂ ਤਲਬ ਕੀਤਾ ਸੀ।
ਇਹ ਵੀ ਪੜ੍ਹੋ : Punjab News : ਮੁੱਖ ਮੰਤਰੀ ਸ਼ੈਸ਼ਨ ਕੋਰਟ ਤੋਂ ਵੱਡਾ ਨਹੀਂ ਹੁੰਦਾ, ਮੈਨੂੰ ਅਦਾਲਤ ਜਦੋਂ ਬੁਲਾਵੇਗੀ, ਮੈਂ ਜਾਵਾਂਗਾ : ਸੀਐਮ ਭਗਵੰਤ ਮਾਨ
ਜ਼ਿਕਰਯੋਗ ਹੈ ਕਿ ਕਰੀਬ ਚਾਰ ਸਾਲ ਪਹਿਲਾਂ ਇੱਕ ਆਰਟੀਆਈ ਕਾਰਕੁਨ ਕੁਲਦੀਪ ਖਹਿਰਾ ਨੇ ਇੱਕ ਗਰੁੱਪ ਹਾਊਸਿੰਗ ਪ੍ਰੋਜੈਕਟ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਦੋਸ਼ ਲਗਾਇਆ ਸੀ ਅਤੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਸੀ। ਉਸ ਸਮੇਂ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਮਾਮਲੇ ਦੀ ਜਾਂਚ ਸਾਬਕਾ ਡੀਐਸਪੀ ਬਲਵਿੰਦਰ ਸੇਖੋਂ ਨੂੰ ਸੌਂਪੀ ਸੀ। ਸੇਖੋਂ ਨੇ ਆਪਣੀ ਰਿਪੋਰਟ ਵਿਭਾਗ ਨੂੰ ਸੌਂਪ ਦਿੱਤੀ ਸੀ। ਇਸ ਦੌਰਾਨ ਸੇਖੋਂ ਦੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਬਹਿਸ ਹੋਈ। ਇਸ ਤੋਂ ਬਾਅਦ ਸੇਖੋਂ ਨੇ ਅਦਾਲਤ ਵਿੱਚ ਸਰਕਾਰੀ ਮੁਲਾਜ਼ਮ ਨੂੰ ਧਮਕੀਆਂ ਦੇਣ, ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਕੇਸ ਦਾਇਰ ਕੀਤਾ ਸੀ।