Fauja Singh Sarari Case : ਆਡੀਓ ਮਾਮਲੇ ਵਿੱਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਸਾਰੇ ਨੇਤਾ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਧਰਨੇ ’ਤੇ ਬੈਠ ਗਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਆਗੂ ‘ਆਪ’ ਸਰਕਾਰ ਤੋਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਕੈਬਨਿਟ ’ਚੋਂ ਬਰਖਾਸਤ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਹਨ।

 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫੌਜਾ ਸਿੰਘ ਸਰਾਰੀ ਦੇ ਮਾਮਲੇ ਵਿਚ ਬੀਤੇ ਦਿਨੀਂ ਇਕ ਵੱਡਾ ਬਿਆਨ ਦਿੱਤਾ ਸੀ। CM ਭਗਵੰਤ ਮਾਨ ਨੇ ਗੈਰ ਰਸਮੀ ਗੱਲਬਾਤ ਦੌਰਾਨ ਕਿਹਾ ਹੈ ਕਿ ਤੁਸੀਂ ਵੀ ਦੀਵਾਲੀ ਮਨਾਓ ਅਤੇ ਸਰਾਰੀ ਨੂੰ ਵੀ "ਦੀਵਾਲੀ ਮਨਾਉਣ ਦਿਓ"। ਹਾਲਾਂਕਿ ਕਾਂਗਰਸ ਲੰਬੇ ਸਮੇਂ ਤੋਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਬਰਖਾਸਤ ਕਰਨ ਦੀ ਮੰਗ ਕਰ ਰਹੀ ਹੈ। ਕਾਂਗਰਸ ਦਾ ਕਹਿਣਾ ਹੈ ਕਿ 29 ਸਤੰਬਰ ਨੂੰ ਇਸ ਮਾਮਲੇ ਵਿਚ ਸਰਾਰੀ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ।

 


 

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਭ੍ਰਿਸ਼ਟਾਚਾਰ ਵਿੱਚ ਲਿਪਤ ਆਪਣੇ ਮੰਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ‘ਆਪ’ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਆਪਣੇ ਉਨ੍ਹਾਂ ਨੇਤਾਵਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਨ੍ਹਾਂ ਦੀ ਆਡੀਓ ਰਿਕਾਰਡਿੰਗ ਵੀ ਵਾਇਰਲ ਹੋਈ ਹੈ।

 

ਦਰਅਸਲ 'ਚ ਫੌਜਾ ਸਿੰਘ ਸਰਾਰੀ ਅਤੇ ਉਹਨਾਂ ਦੇ ਓ.ਐਸ.ਡੀ. ਵਿਚਾਲੇ ਕੁਝ ਮੱਤਭੇਦ ਚੱਲ ਰਹੇ ਸਨ। ਤਰਸੇਮ ਕਪੂਰ ਮੰਤਰੀ ਫੌਜਾ ਸਰਾਰੀ ਨਾਲ ਇਸ ਗੱਲ ਤੋਂ ਨਾਰਾਜ਼ ਸਨ ਕਿ ਉਹਨਾਂ ਨੇ ਤਰਸੇਮ ਦੇ ਰਿਸ਼ਤੇਦਾਰ ਨੂੰ ਪੁਲਿਸ ਕੇਸ ਤੋਂ ਨਹੀਂ ਬਚਾਇਆ। ਤਰਸੇਮ ਕਪੂਰ ਨੇ ਮੰਤਰੀ ਖਿਲਾਫ਼ ਮੋਰਚਾ ਖੋਲਦਿਆਂ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਉਸ ਖਿਲਾਫ਼ ਭ੍ਰਿਸ਼ਟਾਚਾਰ ਦੇ ਸਾਰੇ ਸਬੂਤ ਉਹਨਾਂ ਦੇ ਕੋਲ ਹਨ।

 

ਦੱਸ ਦੇਈਏ ਕਿ ਕੈਬਨਿਟ ਮੰਤਰੀ ਸਰਾਰੀ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਆਡੀਓ ਕਾਰਨ ਵਿਵਾਦਾਂ 'ਚ ਘਿਰੇ ਹੋਏ ਹਨ। ਇਸ ਆਡੀਓ 'ਚ ਮੰਤਰੀ ਆਪਣੇ ਓ.ਐੱਸ.ਡੀ. ਨਾਲ ਸੈਟਿੰਗ ਦੇ ਨਾਂ 'ਤੇ ਸੌਦੇਬਾਜ਼ੀ ਕਰਨ ਦੀ ਗੱਲ ਕਰ ਰਹੇ ਹਨ। ਇਸ 'ਤੇ ਮੰਤਰੀ ਸਰਾਰੀ ਨੇ ਬਿਆਨ ਦਿੰਦਿਆਂ ਕਿਹਾ ਸੀ ਕਿ ਇਹ ਆਵਾਜ਼ ਉਨ੍ਹਾਂ ਦੀ ਹੀ ਹੈ ਪਰ ਇਸ ਨੂੰ ਐਡਿਟ ਕਰਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਆਡੀਓ ਜੂਨ ਦੀ ਦੱਸੀ ਜਾ ਰਹੀ ਹੈ।