ਨਵਜੋਤ ਸਿੱਧੂ ਦਾ ਕਾਲਾ ਤਿੱਤਰ ਕੈਪਟਨ ਨੂੰ ਨਾ ਆਇਆ ਰਾਸ!
ਏਬੀਪੀ ਸਾਂਝਾ | 24 Dec 2018 05:20 PM (IST)
ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਤੋਂ ਲਿਆਂਦਾ ਕਾਲਾ ਤਿੱਤਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਨਹੀਂ ਰਹੇਗਾ। ਜੰਗਲਾਤ ਮਹਿਕਮੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕਾਲਾ ਤਿੱਤਰ ਹੁਣ ਮੁੱਖ ਮੰਤਰੀ ਦੀ ਪ੍ਰਾਪਰਟੀ ਨਹੀਂ ਬਲਕਿ ਜੰਗਲਾਤ ਮਹਿਕਮੇ ਦੀ ਪ੍ਰਾਪਰਟੀ ਬਣ ਚੁੱਕੀ ਹੈ। ਯਾਦ ਰਹੇ ਸਿੱਧੂ ਵੱਲੋਂ ਪਾਕਿਸਤਾਨ ਤੋਂ ਲਿਆਂਦਾ ਇਹ ਤੋਹਫਾ ਕਾਲੇ ਤਿੱਤਰ ਦੀ ਖਲ ਵਿੱਚ ਫੂਸ ਭਰਿਆ ਹੋਇਆ। ਵਾਈਲਡ ਲਾਈਫ ਐਕਟ ਮੁਤਾਬਕ ਤਿੱਤਰ ਦੀ ਖਲ ਨੂੰ ਘਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਬਾਰੇ ਜੰਗਲਾਤ ਵਿਭਾਗ ਵੱਲੋਂ ਮੁੱਖ ਮੰਤਰੀ ਨੂੰ ਇਤਲਾਹ ਦੇ ਤੌਰ 'ਤੇ ਚਿੱਠੀ ਲਿਖ ਦਿੱਤੀ ਗਈ ਹੈ। ਹਾਲਾਂਕਿ ਨਵਜੋਤ ਸਿੱਧੂ ਵੱਲੋਂ ਤੋਹਫ਼ੇ ਦੇ ਰੂਪ ਵਿੱਚ ਲਿਆਂਦਾ ਤਿੱਤਰ ਪੇਸ਼ ਕਰਨ ਤੋਂ ਬਾਅਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਹੀ ਜੰਗਲਾਤ ਮਹਿਕਮੇ ਦੇ ਹਵਾਲੇ ਕਰ ਦਿੱਤਾ ਸੀ। ਇਸ ਤੋਂ ਬਾਅਦ ਜੰਗਲਾਤ ਮਹਿਕਮੇ ਨੇ ਇਸ ਗੱਲ ਦੀ ਤਫਤੀਸ਼ ਕੀਤੀ ਕਿ ਆਖਰਕਾਰ ਕੈਪਟਨ ਇਹ ਚਿੱਤਰ ਨੂੰ ਘਰੇ ਰੱਖ ਸਕਦੇ ਹਨ ਜਾਂ ਨਹੀਂ। ਕਾਨੂੰਨ ਮੁਤਾਬਕ ਇਹ ਸੰਭਵ ਨਹੀਂ ਹੈ।