ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਅਚਨਚੇਤ ਯੂ-ਟਿਊਬ ਚੈਨਲ ‘ਜਿੱਤੇਗਾ ਪੰਜਾਬ’ ਸ਼ੁਰੂ ਕਰਕੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਸਿੱਧੂ ਨੇ ਦਾਅਵਾ ਕੀਤਾ ਹੈ ਕਿ ਇਸ ਚੈਨਲ ਰਾਹੀਂ ਲੋਕਾਂ ਨੂੰ ਅਸਲ ਹਕੀਕਤ ਤੋਂ ਜਾਣੂ ਕਰਵਾਇਆ ਜਾਏਗਾ। ਇਸ ਤੋਂ ਸਪਸ਼ਟ ਹੈ ਕਿ ਸਿੱਧੂ ਦੇ ਚੈਨਲ ਤੋਂ ਆਪਣੀ ਹੀ ਸਰਕਾਰ ਨੂੰ ਵੀ ਰਗੜੇ ਲੱਗਣਗੇ। ਇਸ ਤਰ੍ਹਾਂ ਸਿੱਧੂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਬੰਧ ਹੋਰ ਵਿਗੜ ਸਕਦੇ ਹਨ।


ਇਸ ਦੇ ਨਾਲ ਹੀ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਸਿੱਧੂ ਇਸ ਚੈਨਲ ਰਾਹੀਂ ਅਗਲੇ ਦੋ ਸਾਲਾਂ ਵਿੱਚ ਲੋਕ ਲਹਿਰ ਉਭਾਰਨ ਦੀ ਕੋਸ਼ਿਸ਼ ਕਰਨਗੇ। ਜੇਕਰ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਏ ਤਾਂ ਚੋਣਾਂ ਨੇੜੇ ਕਾਂਗਰਸ ਨੂੰ ਵੱਡਾ ਝਟਕਾ ਦੇਣਗੇ। ਬੇਸ਼ੱਕ ਆਮ ਆਦਮੀ ਪਾਰਟੀ ਨੇ ਸਿੱਧੂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ ਪਰ ਹੁਣ ਲੱਗਦਾ ਹੈ ਕਿ ਸਿੱਧੂ ਆਪਣੀ ਨਹੀਂ ਰਾਹ ਤਲਾਸ਼ਣ ਵਿੱਚ ਜੁੱਟ ਗਏ ਹਨ। ਇਸ ਲਈ ਉਹ ਹੋਰ ਹਮਖਿਆਲੀ ਪਾਰਟੀਆਂ ਨਾਲ ਰਲ ਕੇ ਤੀਜੇ ਮੋਰਚੇ ਦੀ ਉਸਾਰੀ ਕਰ ਸਕਦੇ ਹਨ।

ਸਿੱਧੂ ਨੇ ਯੂ-ਟਿਊਬ ਚੈਨਲ ‘ਜਿੱਤੇਗਾ ਪੰਜਾਬ’ ਸ਼ੁਰੂ ਕਰਦਿਆਂ ਕਿਹਾ ਹੈ ਕਿ ਇਸ ਰਾਹੀਂ ਉਹ ਪੰਜਾਬ ਦੇ ਲੋਕਾਂ ਨਾਲ ਸੂਬੇ ਦੇ ਵਿਕਾਸ ਤੇ ਖੁਸ਼ਹਾਲੀ ਬਾਰੇ ਸੰਵਾਦ ਰਚਾਉਣਗੇ। ਤੈਅ ਹੈ ਕਿ ਸੂਬੇ ਦੇ ਵਿਕਾਸ ਤੇ ਖੁਸ਼ਹਾਲੀ ਦੀ ਗੱਲ ਕਰਦਿਆਂ ਕੈਪਟਨ ਸਰਕਾਰ ਨੂੰ ਰਗੜੇ ਲੱਗਣਗੇ। ਚੈਨਲ ਦੇ ਨਾਂ ‘ਜਿੱਤੇਗਾ ਪੰਜਾਬ’ ਮੁਤਾਬਕ ਵੀ ਸਪਸ਼ਟ ਹੈ ਕਿ ਸਿੱਧੂ ਕਿਸੇ ਸਿਆਸੀ ਪਾਰਟੀ ਦੀ ਬਜਾਏ ਜਨਤਾ ਨਾਲ ਮੈਦਾਨ ਵਿੱਚ ਨਿੱਤਰਣਗੇ। ਚੈਨਲ ਦੇ ਲੋਗੋ ਵਿੱਚ ‘ਬਾਜ’ ਵੀ ਇਹੀ ਇਸ਼ਾਰਾ ਕਰ ਰਿਹਾ ਹੈ।

ਸਿੱਧੂ ਨੇ ਪੰਜਾਬ ਦੀ ਤਰੱਕੀ ਦੀ ਸੋਚ ਰੱਖਣ ਵਾਲਿਆਂ ਨੂੰ ਗੋਸ਼ਟੀਆਂ, ਮੁਲਾਕਾਤਾਂ ਤੇ ਸੰਵਾਦ ਰਾਹੀਂ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਚੈਨਲ ਪੰਜਾਬ ਨੂੰ ਮੁੜ ਉਸਾਰੀ ਤੇ ਪੁਨਰ-ਜਾਗ੍ਰਿਤੀ ਵੱਲ ਲੈ ਕੇ ਜਾਣ ਦਾ ਯਤਨ ਹੋਵੇਗਾ। ਉਨ੍ਹਾਂ ਇਸ ਚੈਨਲ ਨੂੰ ਅਜਿਹਾ ਮੰਚ ਆਖਿਆ, ਜਿਸ ਰਾਹੀਂ ਪੰਜਾਬ ਦੇ ਭਖਦੇ ਮਸਲਿਆਂ ’ਤੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਰਾਹੀਂ ਪੰਜਾਬ ਵਾਸਤੇ ਰੋਡ ਮੈਪ ’ਤੇ ਵੀ ਚਰਚਾ ਹੋਵੇਗੀ। ਇਹ ਚੈਨਲ ਗੁਰੂ ਸਾਹਿਬ ਵਲੋਂ ਦਰਸਾਏ ਵਿਸ਼ਵ ਬਰਾਬਰੀ, ਪਿਆਰ ਤੇ ਸ਼ਾਂਤੀ ਦੇ ਮਾਰਗ ਤੋਂ ਪ੍ਰੇਰਣਾ ਲੈ ਕੇ ਆਪਣੀ ਗੱਲ ਲੋਕਾਂ ਸਾਹਮਣੇ ਰੱਖੇਗਾ।