Punjab News: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ(Navjot Singh Sidhu) ਨੇ ਵੱਡਾ ਬਿਆਨ ਦਿੱਤਾ ਹੈ। ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਕੋਟਸ਼ਮੀਰ ਵਿੱਚ ਆਯੋਜਿਤ ਜਨ ਸਭਾ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕੁਝ ਕਾਂਗਰਸੀ ਆਗੂਆਂ ’ਤੇ ਆਮ ਆਦਮੀ ਪਾਰਟੀ ਨਾਲ ਮਿਲੀਭੁਗਤ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਮਝੌਤਾ ਕਰਨ ਨਾਲ ਪਾਰਟੀ ਦਾ ਚਰਿੱਤਰ ਨਿਘਾਰ ਆਉਂਦਾ ਹੈ। ਸਿੱਧੂ ਨੇ ਕਿਹਾ ਕਿ ਕਾਂਗਰਸ ਉਦੋਂ ਹੀ ਉੱਠੇਗੀ ਜਦੋਂ ਇਸ ਦੇ ਵਰਕਰਾਂ ਨੂੰ ਸਨਮਾਨ ਮਿਲਣਾ ਸ਼ੁਰੂ ਹੋ ਜਾਵੇਗਾ। ਸਿੱਧ ਨੇ ਕਿਹਾ ਕਿ ਜਦੋਂ ਤੱਕ ਕਾਂਗਰਸ ਆਪਣੇ ਵਰਕਰਾਂ ਨੂੰ ਨਾਂਅ ਨਾਲ ਨਹੀਂ ਜਾਣਦੀ ਉਦੋਂ ਤੱਕ ਜਿੱਤ ਮੁਸ਼ਕਿਲ ਹੈ।
ਕਾਂਗਰਸੀ ਆਗੂ ਨੇ ਅੱਗੇ ਕਿਹਾ, "ਮੈਂ ਹਰ ਨਾਰਾਜ਼ ਵਰਕਰ ਨੂੰ ਮਿਲਾਂਗਾ। ਨਾਰਾਜ਼ ਵਰਕਰਾਂ ਦੀ ਗਿਣਤੀ ਭਾਵੇਂ ਕਿਉਂ ਨਾ ਹੋਵੇ। ਪੰਜਾਬ ਵਿੱਚ ਕਾਂਗਰਸ ਨੂੰ ਬਦਲਣਾ ਪਵੇਗਾ।" ਇਸ ਦੌਰਾਨ ਸਿੱਧੂ ਨੇ ਵਾਰ ਵਾਰ ਨੀਤੀਆਂ ਨੂੰ ਵੋਟ ਦੇਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਮਾਨਦਾਰ ਆਗੂਆਂ ਦੀ ਚੋਣ ਕਰਨੀ ਪਵੇਗੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਿੱਧੂ ਨੇ ਪਾਰਟੀ ਆਗੂਆਂ 'ਤੇ ਨਿਸ਼ਾਨਾ ਸਾਧਿਆ ਹੋਵੇ।
ਸਿੱਧੂ ਦਾ 'ਆਪ' ਸਰਕਾਰ 'ਤੇ ਵੀ ਹਮਲਾ
ਇਸ ਤੋਂ ਇਲਾਵਾ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ, 'ਪਹਿਲਾਂ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਸ਼ਾਸਨ ਦੌਰਾਨ ਹਿੱਸਾ 75-25 ਹੁੰਦਾ ਸੀ, ਜੋ ਸਰਕਾਰ 'ਚ ਹੁੰਦਾ ਸੀ, ਉਸ ਦਾ ਹਿੱਸਾ 75 ਫ਼ੀਸਦੀ ਅਤੇ ਬਾਹਰ ਵਾਲੇ ਦਾ ਹਿੱਸਾ 25 ਫ਼ੀਸਦੀ ਹੁੰਦਾ ਸੀ | ਪਰ ਅੱਜ ਇਹ 80-20 ਚੱਲ ਰਿਹਾ ਹੈ।" ਇਸ ਤੋਂ ਪਹਿਲਾਂ 'ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ' ਰੈਲੀ 'ਚ ਸਿੱਧੂ ਨੇ 'ਆਪ' ਸਰਕਾਰ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਰੇਤ ਦਾ ਟਿੱਪਰ ਜੋ ਪਹਿਲਾਂ 3000 ਰੁਪਏ 'ਚ ਵਿਕਦਾ ਸੀ, ਹੁਣ 21 ਹਜ਼ਾਰ ਰੁਪਏ ਦਾ ਹੋ ਗਿਆ ਹੈ।
ਹਾਲ ਹੀ 'ਚ ਸਿੱਧੂ ਨੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਆਪਣੇ ਪਾਰਟੀ ਸਾਥੀਆਂ ਦੀ ਆਲੋਚਨਾ ਕੀਤੀ ਸੀ। ਦੂਜੇ ਪਾਸੇ ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਸਿੱਧੂ ਦੇ ਬਿਆਨਾਂ ਕਾਰਨ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਪਾਰਟੀ ਦਾ ਨੁਕਸਾਨ ਹੋਇਆ ਹੈ।