ਰੌਬਟ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਹੁਣ ਇੱਕ ਵੱਡਾ ਬਿਆਨ ਦਿੱਤਾ ਹੈ।ਸਿੱਧੂ ਨੇ ਬੀਤੇ ਮੰਗਲਵਾਰ 28 ਸਤੰਬਰ ਨੂੰ ਅਚਾਨਕ ਅਸਤੀਫ਼ਾ ਦੇਕੇ ਪੰਜਾਬ ਦੀ ਸਿਆਸਤ 'ਚ ਧਮਾਕਾ ਕਰ ਦਿੱਤਾ ਸੀ।ਉਨ੍ਹਾਂ ਨੇ ਆਪਣਾ ਅਸਤੀਫਾ ਪੱਤਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਟਵਿੱਟਰ 'ਤੇ ਭੇਜਿਆ ਸੀ।


ਸਿੱਧੂ ਨੇ ਅੱਜ ਟਵੀਟ ਕਰਕੇ ਲਿਖਿਆ, " ਗਾਂਧੀ ਜੀ ਅਤੇ ਸ਼ਾਸਤਰੀ ਜੀ ਦੇ ਸਿਧਾਂਤਾਂ ਦੀ ਪਾਲਣਾ ਕਰਾਂਗਾ… ਕੋਈ ਅਹੁਦਾ ਰਹੇ ਜਾਂ ਨਾ ਰਹੇ, ਪਰ 
ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗੰਧੀ ਨਾਲ ਖੜ੍ਹਾ ਰਹਾਂਗਾ! ਸਾਰੀਆਂ ਨਕਾਰਾਤਮਕ ਤਾਕਤਾਂ ਮੈਨੂੰ ਹਰਾਉਣ ਦੀ ਕੋਸ਼ਿਸ਼ ਕਰਨ ਦੇਣ, ਪਰ ਸਕਾਰਾਤਮਕ ਊਰਜਾ ਦਾ ਹਰ ਕਤਰਾ ਪੰਜਾਬ, ਪੰਜਾਬੀਅਤ ਅਤੇ ਹਰ ਪੰਜਾਬੀ ਦੀ ਜਿੱਤ ਲਈ ਹੋਏਗਾ!!"


 









ਇਸ ਤੋਂ ਪਹਿਲਾਂ ਸਿੱਧੂ ਨੇ ਸੋਨੀਆ ਗਾਂਧੀ ਨੂੰ ਲਿਖੇ ਆਪਣੇ ਅਸਤੀਫ਼ੇ ਵਿੱਚ ਕਿਹਾ ਸੀ ਕਿ, "ਮਨੁੱਖ ਦੇ ਚਰਿੱਤਰ ਦਾ ਪਤਨ ਸਮਝੌਤਿਆਂ ਤੋਂ ਹੁੰਦਾ ਹੈ।ਪੰਜਾਬ ਦੇ ਭਵਿੱਖ ਤੇ ਪੰਜਾਬ ਦੇ ਭਲੇ ਦੇ ਏਜੰਡੇ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ।" ਉਨ੍ਹਾਂ ਕਿਹਾ, "ਇਸ ਲਈ, ਮੈਂ ਇਸ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ ਪਰ ਕਾਂਗਰਸ ਦੀ ਸੇਵਾ ਜਾਰੀ ਰੱਖਾਂਗਾ।"


ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਾਲ ਹੀ ਵਿੱਚ ਬਣੇ ਮੰਤਰੀ ਮੰਡਲ ਵਿੱਚ ਵਿਧਾਨ ਸਭਾ ਦੇ ਕੁਝ ਮੈਂਬਰਾਂ ਨੂੰ ਸ਼ਾਮਲ ਨਾ ਕੀਤੇ ਜਾਣ ਤੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ, ਅਮਰਪ੍ਰੀਤ ਸਿੰਘ ਦਿਓਲ ਦੀ ਨਿਯੁਕਤੀ ਨੂੰ ਲੈ ਕੇ ਸਿੱਧੂ ਸੂਬੇ ਵਿੱਚ ਹਾਲੀਆ ਘਟਨਾਕ੍ਰਮ ਤੋਂ ਨਾਰਾਜ਼ ਮੰਨੇ ਜਾਂਦੇ ਹਨ। 


ਸਿੱਧੂ ਨੂੰ ਮਨਾਉਣ ਲਈ 30 ਸਤੰਬਰ ਨੂੰ ਇੱਕ ਬੈਠਕ ਵੀ ਬੁਲਾਈ ਗਈ ਸੀ।ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਕਰੀਬ ਦੋ ਘੰਟੇ ਲੰਮੀ ਚੱਲੀ ਬੈਠਕ ਮਗਰੋਂ ਇਹ ਗੱਲ ਸਾਹਮਣੇ ਆਈ ਸੀ ਕਿ ਪੰਜਾਬ ਦਾ DGP ਅਤੇ AG ਜਲਦ ਬਦਲੇ ਜਾ ਸਕਦੇ ਹਨ।ਸੂਤਰਾਂ ਮੁਤਾਬਿਕ ਡੀਜੀਪੀ ਨੂੰ ਬਦਲਣ ਦਾ ਪੈਨਲ ਵੀ UPSC ਨੂੰ ਭੇਜਿਆ ਗਿਆ ਹੈ।


ਇਸ ਤੋਂ ਇਲਾਵਾ ਤਿੰਨ ਮੈਂਬਰੀ ਕਮੇਟੀ ਵੱਡੇ ਮਸਲਿਆਂ ਨੂੰ ਲੈਕੇ ਹਫ਼ਤੇ 'ਚ ਦੋ ਵਾਰ ਮਿਲਿਆ ਕਰੇਗੀ। CM ਚੰਨੀ, ਪਾਰਟੀ ਪ੍ਰਧਾਨ ਸਿੱਧੂ ਤੇ ਹਰੀਸ਼ ਚੌਦਰੀ ਕਮੇਟੀ 'ਚ ਹੋਣਗੇ।ਇਹ ਵੀ ਖ਼ਬਰਾਂ ਹਨ ਕਿ ਸਿੱਧੂ ਦਾ ਅਸਤੀਫ਼ਾ ਨਾ-ਮਨਜ਼ੂਰ ਹੋ ਸਕਦਾ ਹੈ।ਪਰ ਇਸ ਬੈਠਕ ਮਗਰੋਂ ਹਾਈ ਕਮਾਨ ਵੱਲੋਂ ਕੋਈ ਐਕਸ਼ਨ ਨਹੀਂ ਹੋਇਆ।ਅਜੇ ਤੱਕ ਨਾ ਤਾਂ ਸਿੱਧੂ ਦੇ ਅਸਤੀਫ਼ੇ ਤੇ ਕੋਈ ਫੈਸਲਾ ਆਇਆ ਹੈ ਨਾ ਹੀ ਕੋਈ ਅਗਲੀ ਕਾਰਵਾਈ ਬਾਰੇ ਸੂਚਨਾ ਹੈ।ਇਸ ਵਿਚਾਲੇ ਸਿੱਧੂ ਦਾ ਟਵੀਟ ਆਇਆ ਹੈ।ਜਿਸ ਤੋਂ ਇਹ ਲਗਦਾ ਹੈ ਕਿ ਨਵਜੋਤ ਸਿੱਧੂ ਹੁਣ ਇਸ ਮਸਲੇ ਦਾ ਜਲਦੀ ਹੱਲ ਚਾਹੁੰਦੇ ਹਨ।