ਗਗਨਦੀਪ ਸ਼ਰਮਾ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਘਰ ਅੱਜ ਤੀਜੇ ਦਿਨ ਵੀ ਮੀਟਿੰਗਾਂ ਦਾ ਸਿਲਸਿਲਾ ਉਸੇ ਤਰ੍ਹਾਂ ਜਾਰੀ ਹੈ। ਉਨ੍ਹਾਂ ਨੂੰ ਮਿਲਣ ਲਈ ਅੰਮ੍ਰਿਤਸਰ ਤੋਂ ਇਲਾਵਾ ਬਾਹਰ ਤੋਂ ਵੀ ਉਨ੍ਹਾਂ ਦੇ ਸਮਰਥਕ ਆ ਰਹੇ ਹਨ। ਅੱਜ ਵੀ ਨਵਜੋਤ ਸਿੱਧੂ ਨੇ ਆਪਣੇ ਹਲਕੇ ਦੇ ਸਾਰੇ ਕੌਂਸਲਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਹਲਕੇ ਦੇ ਵਿਕਾਸ ਕੰਮਾਂ ਬਾਰੇ ਜਿੱਥੇ ਚਰਚਾ ਕੀਤੀ ਗਈ, ਉੱਥੇ ਹੀ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦੇ ਹੱਲ ਸਬੰਧੀ ਨਾਲੋ-ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ।

ਅੱਜ ਦੀ ਮੀਟਿੰਗ ਵਿੱਚ ਨਵਾਂ ਫੈਸਲਾ ਲਿਆ ਗਿਆ, ਜਿਸ ਦੀ ਜਾਣਕਾਰੀ 'ਏਬੀਪੀ ਸਾਂਝਾ' ਨਾਲ ਸਾਂਝੀ ਕਰਦਿਆਂ ਸਿੱਧੂ ਦੇ ਕਰੀਬੀ ਕੌਂਸਲਰ ਦਮਨਜੀਤ ਸਿੰਘ ਸ਼ੈਲਿੰਦਰ ਸ਼ੈਲੀ ਤੇ ਅਮਨ ਸਿੰਘ ਬੱਲ ਨੇ ਕੀਤਾ। ਦੋਵਾਂ ਕੌਂਸਲਰਾਂ ਨੇ ਦੱਸਿਆ ਕਿ ਕੱਲ੍ਹ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਸੀ ਕਿ ਨਵਜੋਤ ਸਿੱਧੂ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਆਪਣੇ ਹਲਕੇ ਦੇ ਵਿੱਚ ਜਾਣਗੇ ਤੇ ਵਾਰਡਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਦੇ ਨਾਲ ਮਿਲਣਗੇ। ਅੱਜ ਸਵੇਰੇ ਨਵਜੋਤ ਸਿੱਧੂ ਦੀ ਜੋ ਆਪਣੇ ਵਾਰਡ ਦੇ ਕੌਂਸਲਰਾਂ ਨਾਲ ਮੀਟਿੰਗ ਹੋਈ ਤਾਂ ਉਸ ਵਿੱਚ ਸਾਂਝੇ ਤੌਰ 'ਤੇ ਇਹ ਫੈਸਲਾ ਲਿਆ ਕੇ ਹਲਕੇ ਵਿੱਚ ਉਹ ਸਿਰਫ਼ ਤਿੰਨ ਦਿਨ ਨਹੀਂ ਜਾਣਗੇ ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਗਿਣਤੀ ਕਰਕੇ ਵੋਟਾਂ ਨਹੀਂ ਪਾਈਆਂ ਸਗੋਂ ਬਹੁਤ ਖੁੱਲ੍ਹੀਆਂ ਵੋਟਾਂ ਪਾਈਆਂ ਹਨ, ਇਸ ਕਰਕੇ ਹਲਕੇ ਵਿੱਚ ਹੁਣ ਉਹ ਖੁੱਲ੍ਹਾ ਸਮਾਂ ਦੇਣਗੇ।

ਉਨ੍ਹਾਂ ਦੱਸਿਆ ਕਿ ਸਿੱਧੂ ਹਫ਼ਤੇ ਦੇ ਸੱਤ ਦੇ ਸੱਤ ਦਿਨ ਆਪਣੇ ਹਲਕੇ ਵਿੱਚ ਰਹਿਣਗੇ। ਕੌਂਸਲਰ ਦਮਨਜੀਤ ਸਿੰਘ ਨੇ ਦੱਸਿਆ ਕਿ ਨਵਜੋਤ ਸਿੱਧੂ ਨੇ ਸਾਰੇ ਕੌਂਸਲਰਾਂ ਤੇ ਆਪਣੀ ਟੀਮ ਨੂੰ ਨਵੇਂ ਸਿਰ ਤੋਂ ਵਾਰਡ ਵਾਈਜ਼ ਪ੍ਰੋਗਰਾਮ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਤੇ ਕਿਹਾ ਹੈ ਕਿ ਉਹ ਹਰ ਵਾਰਡ ਦੇ ਵਿੱਚ ਜਾਣਗੇ, ਹਰ ਸਮਰਥਕ ਨੂੰ ਮਿਲਣਗੇ ਤੇ ਉੱਥੇ ਹੀ ਰਹਿਣਗੇ ਤਾਂ ਕਿ ਕੋਈ ਨਿਰਾਸ਼ ਨਾ ਹੋਵੇ।

ਇਹ ਪ੍ਰੋਗਰਾਮ ਕਦੋਂ ਤੋਂ ਸ਼ੁਰੂ ਹੋਣਗੇ ਇਸ ਬਾਰੇ ਕੌਂਸਲਰਾਂ ਦੀ ਟੀਮ ਨੇ ਦੱਸਿਆ ਕਿ ਹਾਲੇ ਨਵਜੋਤ ਸਿੱਧੂ ਨੂੰ ਬਾਹਰ ਤੋਂ ਮਿਲਣ ਲਈ ਲੋਕ ਆ ਰਹੇ ਹਨ। ਅੱਜ ਵੀ ਉਨ੍ਹਾਂ ਨੂੰ ਆਦਮਪੁਰ, ਗੜ੍ਹਸ਼ੰਕਰ ਬਟਾਲਾ ਆਦਿ ਤੋਂ ਲੋਕ ਮਿਲ ਲਾਏ ਹਨ ਤਾਂ ਸਿੱਧੂ ਚਾਹੁੰਦੇ ਹਨ ਕਿ ਪੰਜਾਬ ਤੋਂ ਜੋ ਲੋਕ ਆ ਰਹੇ ਹਨ, ਉਨ੍ਹਾਂ ਨੂੰ ਫਿਲਹਾਲ ਕੋਈ ਮੁਸ਼ਕਲ ਨਾ ਆਵੇ। ਇਸ ਕਾਰਨ ਛੇਤੀ ਹੀ ਪ੍ਰੋਗਰਾਮਾਂ ਦਾ ਐਲਾਨ ਕਰਕੇ ਨਵਜੋਤ ਸਿੱਧੂ ਆਪਣੇ ਹਲਕੇ ਵਿੱਚ ਨਿਕਲਣਗੇ।