ਰਵਨੀਤ ਕੌਰ ਦੀ ਰਿਪੋਰਟ


Punjab News: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਭਗਵੰਤ ਮਾਨ ਦੀ ਸਰਕਾਰ ਦੇ ਕੰਮਾਂ ਦੀ ਤਾਰੀਫ਼ ਕੀਤੀ ਹੈ। ਪੰਜਾਬ ਸਰਕਾਰ ਨੇ ਮੁਹਾਲੀ 'ਚ 29 ਏਕੜ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾ ਲਿਆ ਹੈ। ਨਵਜੋਤ ਸਿੱਧੂ ਨੇ ਭਗਵੰਤ ਮਾਨ ਦੀ ਸਰਕਾਰ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਹੈ।



ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਦੱਸਿਆ ਕਿ ਪਿੰਡ ਅਭੀਪੁਰ ਦੀ ਜ਼ਮੀਨ ’ਤੇ ਬਿਕਰਮ ਸਿੰਘ ਨਾਂ ਦੇ ਵਿਅਕਤੀ ਦਾ 2007 ਤੋਂ ਕਬਜ਼ਾ ਸੀ। ਇੱਕ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਨੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦੀ ਹਾਜ਼ਰੀ 'ਚ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਾ ਲਿਆ।








ਭਾਵੇਂ ਮੁਹਾਲੀ ਦੇ ਜ਼ਿਲ੍ਹਾ ਮੈਜਿਸਟਰੇਟ ਨੇ 2014 'ਚ ਕਬਜ਼ੇ ਹਟਾਉਣ ਦੇ ਹੁਕਮ ਜਾਰੀ ਕੀਤੇ ਸਨ, ਪਰ ਪੰਚਾਇਤ ਵਿਭਾਗ ਨੇ ਕਿਹਾ ਕਿ ਉਹ ਕਾਨੂੰਨੀ ਅੜਚਨਾਂ ਕਾਰਨ ਜ਼ਮੀਨ ਦਾ ਕਬਜ਼ਾ ਨਹੀਂ ਲੈ ਸਕਦੇ। ਇਸ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਧਾਲੀਵਾਲ ਦੇ ਇਸ ਕਦਮ ਦੀ ਸ਼ਲਾਘਾ ਕੀਤੀ।

ਸਿੱਧੂ ਨੇ ਦੱਸਿਆ ਪੰਜਾਬ ਨੂੰ ਕਿਵੇਂ ਅੱਗੇ ਲਿਜਾਣਾ
ਸਿੱਧੂ ਨੇ ਟਵੀਟ ਕੀਤਾ ਕਿ ਸਿਸਵਾਂ ਪਿੰਡ 'ਚ ਪੰਜਾਬ ਦੀ 29 ਏਕੜ ਜ਼ਮੀਨ ਵਾਪਸ ਲੈਣ ਲਈ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਜੀ ਦੀ ਪ੍ਰਸੰਸਾ ਕਰਦਾ ਹਾਂ। ਇਹ ਪੰਜਾਬ ਲਈ ਅੱਗੇ ਦਾ ਰਾਹ ਹੈ। ਉਮੀਦ ਹੈ ਕਿ ਇਹ 29 ਜਲਦੀ ਹੀ 29000 'ਚ ਬਦਲ ਜਾਵੇਗਾ। ਭ੍ਰਿਸ਼ਟ ਲੋਕਾਂ ਦੀ ਜਾਇਦਾਦ ਵੀ ਜ਼ਬਤ ਕਰੋ, ਚਾਹੇ ਉਹ ਕੋਈ ਵੀ ਹੋਵੇ।

ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ 'ਤੇ ਇਕ ਵਿਸ਼ੇਸ਼ ਮੁਹਿੰਮ ਤਹਿਤ ਪਹਿਲੇ ਪੜਾਅ ਤਹਿਤ ਅਧਿਕਾਰੀਆਂ ਨੇ 31 ਮਈ ਤਕ 5 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦਾ ਟੀਚਾ ਮਿਥਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਜਿਹੇ ਸਾਰੇ ਕਬਜ਼ੇ ਹਟਾਉਣ ਲਈ ਵਚਨਬੱਧ ਹੈ ਤੇ ਉਹ ਜ਼ਮੀਨਾਂ ਪੰਚਾਇਤਾਂ ਨੂੰ ਵਾਪਸ ਸੌਂਪ ਦਿੱਤੀਆਂ ਜਾਣਗੀਆਂ।