ਖੰਨਾ: ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਉਣ ਮਗਰੋਂ ਵੀ ਕਾਂਗਰਸ ਅੰਦਰ ਧੜੇਬਾਜੀ ਖਤਮ ਨਹੀਂ ਹੋਈ ਤੇ ਨਾ ਹੀ ਪਾਰਟੀ ਹਾਈਕਮਾਂਡ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੂੰ ਸ਼ਾਂਤ ਕਰਨ ਚ ਸਫ਼ਲ ਹੋਈ ਹੈ। ਪ੍ਰਧਾਨਗੀ ਜਾਣ ਮਗਰੋਂ ਸਿੱਧੂ ਹੁਣ ਦੁਬਾਰਾ ਆਪਣਾ ਧੜਾ ਮਜ਼ਬੂਤ ਕਰਨ ਲਈ ਤੇਜ਼ ਹੋ ਗਏ ਹਨ।
ਅੱਜ ਦੁਪਹਿਰ ਨੂੰ ਨਵਜੋਤ ਸਿੰਘ ਸਿੱਧੂ ਸਮਰਾਲਾ ਵਿਖੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਘਰ ਆ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਸਿੱਧੂ ਨਾਲ ਕੁਝ ਹੋਰ ਕਾਂਗਰਸੀ ਆਗੂ ਵੀ ਹੋਣਗੇ। ਇੱਥੇ ਸਿੱਧੂ ਆਪਣੀ ਅਗਲੀ ਰਣਨੀਤੀ ਦੀ ਰੂਪ ਰੇਖਾ ਤਿਆਰ ਕਰਨਗੇ।
ਦੱਸ ਦਈਏ ਕਿ ਸਿੱਧੂ ਕੁੱਝ ਦਿਨ ਪਹਿਲਾਂ ਵੀ ਢਿੱਲੋਂ ਦੇ ਘਰ ਆਏ ਸੀ। ਅਮਰੀਕ ਢਿੱਲੋਂ ਨੂੰ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਸੀ। ਸਮਰਾਲਾ ਤੋਂ ਸਾਬਕਾ ਮੰਤਰੀ ਕਰਮ ਸਿੰਘ ਗਿੱਲ ਦੇ ਸਪੁੱਤਰ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ ਚੋਣ ਮੈਦਾਨ ਚ ਉਤਾਰਿਆ ਸੀ।
ਢਿੱਲੋਂ ਬਾਗੀ ਹੋ ਕੇ ਆਜ਼ਾਦ ਲੜੇ ਸੀ ਤੇ ਕਾਂਗਰਸ ਨੇ ਢਿੱਲੋਂ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਸੀ। ਸਵਾਲ ਇਹ ਹੈ ਕਿ ਕਾਂਗਰਸ ਖਿਲਾਫ ਹੀ ਲੜਨ ਵਾਲੇ ਉਮੀਦਵਾਰਾਂ ਦੇ ਘਰ ਸਿੱਧੂ ਜਾ ਰਹੇ ਹਨ। ਸਵਾਲ ਹੈ ਕੀ ਪਾਰਟੀ ਹਾਈਕਮਾਂਡ ਸਿੱਧੂ ਖਿਲਾਫ ਕੋਈ ਕਾਰਵਾਈ ਕਰੇਗੀ।
ਅਹਿਮ ਗੱਲ਼ ਹੈ ਕਿ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਸੀਨੀਅਰ ਲੀਡਰ ਅੰਮ੍ਰਿਤਸਰ ਪਹੁੰਚੇ ਸੀ। ਇਸ ਦੌਰਾਨ ਨਵਜੋਤ ਸਿੱਧੂ ਅੰਮ੍ਰਿਤਸਰ ਤੋਂ ਬਾਹਰ ਸਨ। ਇਸ ਤੋਂ ਸਪਸ਼ਟ ਹੈ ਕਿ ਕਾਂਗਰਸ ਦਾ ਕਲੇਸ਼ ਅਜੇ ਹੋਰ ਵਧਣ ਵਾਲਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅੱਜ ਸ਼ਹਿਰ ਤੋਂ ਬਾਹਰ ਹਨ, ਇਸ ਕਰਕੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ। ਉਨ੍ਹਾਂ ਮੰਨਿਆ ਨੇ ਆਪਸੀ ਗੁੱਟਬਾਜੀ ਕਰਕੇ ਪਾਰਟੀ ਨੂੰ 2022 ਦੀਆਂ ਚੋਣਾਂ 'ਚ ਨੁਕਸਾਨ ਹੋਇਆ ਹੈ।