ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਵੱਡੇ ਤੇ ਚਰਚਿਤ ਚਿਹਰੇ ਨਵਜੋਤ ਸਿੰਘ ਸਿੱਧੂ ਨੇ ਹੁਣ ਨਵੀਂ ਚਰਚਾ ਛੇੜ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਪੰਜਾਬ ਦੀ ਸਿਆਸਤ ਵਿੱਚ ਜਲਦ ਹੀ ਵੱਡਾ ਧਮਾਕਾ ਕਰਨਗੇ। ਇਹ ਚਰਚਾ ਨਵਜੋਤ ਸਿੱਧੂ ਦੀਆਂ ਸਰਗਰਮੀਆਂ ਨੂੰ ਵੇਖ ਛਿੜੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਮਗਰੋਂ ਸਿੱਧੂ ਨੇ ਆਪਣੀ ਹੀ ਸਰਕਾਰ ਖਿਲਾਫ ਨਿਸ਼ਾਨੇ ਤੇਜ਼ ਕਰ ਦਿੱਤੇ ਹਨ।


ਦੱਸ ਦਈਏ ਕਿ ਸਾਬਕਾ ਕੈਬਨਿਟ ਮੰਤਰੀ ਸਿੱਧੂ ਇੱਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਤਿਆਰੀ ਵਿੱਚ ਜੁਟ ਗਏ ਹਨ। ਅਜਿਹੇ ਸੰਕੇਤ ਸਿੱਧੂ ਵੱਲੋਂ ਪਿੰਡ ਜਵਾਹਰ ਸਿੰਘ ਵਾਲਾ ਵਿੱਚ ਦਿੱਤਾ ਜਿੱਥੇ ਉਨ੍ਹਾਂ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਲਈ ਬਣੀ ਐਸਆਈਟੀ ਦੀ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਇਹ ਉਹੀ ਵਿਸ਼ੇਸ਼ ਜਾਂਚ ਟੀਮ ਹੈ ਜਿਸ ਦੀ ਅਗਵਾਈ ਆਈਜੀ ਕੁੰਵਰ ਵਿਜੈ ਪ੍ਰਤਾਪ ਕਰ ਰਹੇ ਸਨ ਤੇ ਜਿਸ ਨੂੰ ਉੱਚ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਹੈ।


ਕੈਪਟਨ ਅਮਰਿੰਦਰ ਸਿੰਘ ਨਾਲ ਵਖਰੇਵੇਂ ਤੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਮਗਰੋਂ ਸਿਆਸੀ ਤੌਰ 'ਤੇ ਰੂਪੋਸ਼ ਰਹੇ ਨਵਜੋਤ ਸਿੱਧੂ ਨੇ ਹਾਲ ਹੀ ਵਿੱਚ ਮੁੱਖ ਮੰਤਰੀ ਨਾਲ ਦੋ ਮੁਲਾਕਾਤਾਂ ਕੀਤੀਆਂ ਜੋ ਬੇਨਤੀਜਾ ਰਹੀਆਂ। ਸਿੱਧੂ ਪਹਿਲਾਂ ਟਵਿੱਟਰ ਉੱਪਰ ਇਸ਼ਾਰਿਆਂ-ਇਸ਼ਾਰਿਆਂ ਵਿੱਚ ਆਪਣੇ ਤੇ ਕੈਪਟਨ ਦੇ ਸਬੰਧਾਂ 'ਤੇ ਉਂਗਲ ਚੁੱਕਦੇ ਰਹੇ। ਇਸ ਤੋਂ ਬਾਅਦ ਜਦ ਸਿੱਧੂ ਨੇ ਜਦ ਪਟਿਆਲਾ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਤਾਂ ਸਾਫ ਹੀ ਹੋ ਗਿਆ ਸੀ ਉਨ੍ਹਾਂ ਕਾਂਗਰਸ ਤੋਂ ਦੂਰ ਹੋਣ ਦਾ ਮਨ ਬਣਾ ਲਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਉਹ ਆਪਣੀ ਪਾਰਟੀ ਵੀ ਬਣਾ ਸਕਦੇ ਹਨ।


ਆਪਣਾ ਸਿਆਸੀ ਵੱਕਾਰ ਵਧਾਉਣ ਲਈ ਸਿੱਧੂ ਨੇ ਕਿਸਾਨ ਅੰਦੋਲਨ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਹੈ। ਇੱਕ ਪਾਸੇ ਉਹ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ 'ਤੇ ਨਿਸ਼ਾਨੇ ਲਾ ਰਹੇ ਹਨ ਪਰ ਨਾਲ ਹੀ ਕੈਪਟਨ ਸਰਕਾਰ ਨੂੰ ਵੀ ਰਗੜੇ ਲਾਉਂਦੇ ਰਹੇ ਹਨ। ਇਸੇ ਦਰਮਿਆਨ ਸਾਹਮਣੇ ਆਇਆ ਹੈ ਕਿ ਢੀਂਡਸਾ ਪਰਿਵਾਰ ਦੀ ਅਗਵਾਈ ਵਾਲੀ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਨੇ ਹੁਣ ਨਵਜੋਤ ਸਿੱਧੂ ਦਾ ਸਾਥ ਦੇਣ ਦੀਆਂ ਨਿਤੀਆਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਹਨ।


ਖ਼ਬਰਾਂ ਹਨ ਕਿ ਅਕਾਲੀ ਨੇਤਾਵਾਂ ਨੇ ਸਿੱਧੂ ਨੂੰ ਆਪਣੀ ਪਾਰਟੀ ਬਣਾਉਣ ਲਈ ਪ੍ਰੇਰਿਆ, ਜਿਸ ਵਿੱਚ ਹੋਰ ਹਮਖ਼ਿਆਲੀ ਪਾਰਟੀਆਂ ਵੱਲੋਂ ਸਾਥ ਦਿਵਾਉਣ ਦਾ ਵੀ ਭਰੋਸਾ ਦਿਵਾਇਆ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਜਿੱਤ 'ਪੱਕੀ' ਸਮਝੀ ਬੈਠੀ ਕਾਂਗਰਸ ਨੂੰ ਵੱਡੀ ਚੁਣੌਤੀ ਮਿਲ ਸਕਦੀ ਹੈ। ਕਨਸੋਆਂ ਤਾਂ ਇਹ ਵੀ ਹਨ ਕਿ ਇਸ ਵਾਰ ਸਿੱਧੂ ਕੈਪਟਨ ਨਾਲ ਸਿੱਧਾ ਮੁਕਾਬਲਾ ਕਰਨ ਵਾਲੇ ਹਨ।