ਪਟਿਆਲਾ: 34 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਚ ਇੱਕ ਸਾਲ ਦੀ ਸਜ਼ਾ ਹੋਣ ਮਗਰੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੋ ਦਿਨਾਂ ਤੋਂ ਪਟਿਆਲਾ ਜੇਲ੍ਹ 'ਚ ਹਨ ਪਰ ਇਸ ਦੌਰਾਨ ਖਬਰ ਸਾਹਮਣੇ ਆਈ ਕਿ ਸਿੱਧੂ ਜੇਲ੍ਹ ਵਿੱਚ ਦਾਲ-ਰੋਟੀ ਨਹੀਂ ਖਾ ਰਹੇ। ਸਪੈਸ਼ਲ ਡਾਈਟ ਲਈ ਉਨ੍ਹਾਂ ਵੱਲੋਂ ਅਦਾਲਤ ਪਹੁੰਚ ਕੀਤੀ ਗਈ ਹੈ। ਉਨ੍ਹਾਂ ਨੇ ਜਿਗਰ ਤੇ ਗਾੜ੍ਹੇ ਖੂਨ ਦੀ ਸਮੱਸਿਆ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਣਕ ਤੋਂ ਉਨ੍ਹਾਂ ਨੂੰ ਐਲਰਜੀ ਹੈ। ਸਿੱਧੂ ਨੇ ਅਦਾਲਤ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਡਾਕਟਰ ਵੱਲੋਂ ਦੱਸੀ ਵਿਸ਼ੇਸ਼ ਖੁਰਾਕ ਹੀ ਦਿੱਤੀ ਜਾਵੇ।

ਇਸ ਸਬੰਧੀ ਪਟਿਆਲਾ ਦੀ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (ਸੀਜੇਐਮ) ਅਦਾਲਤ ਨੇ ਜਵਾਬ ਮੰਗਿਆ ਹੈ। ਇਸ ਲਈ ਰਾਜਿੰਦਰਾ ਹਸਪਤਾਲ ਦੇ ਸੁਪਰਡੈਂਟ ਨੇ ਡਾਕਟਰਾਂ ਦਾ ਮੈਡੀਕਲ ਬੋਰਡ ਬਣਾਇਆ ਹੈ ਜੋ 23 ਮਈ ਨੂੰ ਸਪੈਸ਼ਲ ਡਾਈਟ ਸਬੰਧੀ ਅਦਾਲਤ ਵਿੱਚ ਰਿਪੋਰਟ ਪੇਸ਼ ਕਰਨਗੇ ਤੇ ਭਲਕੇ ਤੋਂ ਸਿੱਧੂ ਨੂੰ ਡਾਈਟ ਦੀ ਇਹ ਰਾਹਤ ਮਿਲ ਸਕਦੀ ਹੈ।
 
ਦੱਸ ਦਈਏ ਕਿ 34 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਚ ਸੁਪਰੀਮ ਕੋਰਟ ਨੇ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਹੈ ਤੇ ਸ਼ੁੱਕਰਵਾਰ ਨੂੰ ਸਿੱਧੂ ਨੇ ਕੋਰਟ 'ਚ ਸਿਰੰਡਰ ਕੀਤਾ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਭਲਕੇ ਅਦਾਲਤ 'ਚ ਕਿਊਰੇਟਿਵ ਪਟੀਸ਼ਨ ਵੀ ਦਾਇਰ ਕਰ ਸਕਦੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਗ੍ਰਿਫਤਾਰੀ ਤੋਂ ਬਚਣ ਲਈ ਸਿੱਧੂ ਨੇ ਇਹ ਪਟੀਸ਼ਨ ਦਾਇਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਸਿਰੰਡਰ ਕੀਤਾ ਗਿਆ ਸੀ। 


 ਇਹ ਵੀ ਪੜ੍ਹੋ:  ਪੈਟਰੋਲ-ਡੀਜ਼ਲ 'ਤੇ ਵੈਟ ਘਟਾਏ ਪੰਜਾਬ ਸਰਕਾਰ: ਵਿਰੋਧੀ ਬੋਲੇ, ਖ਼ੁਦ ਨੂੰ ਆਮ ਆਦਮੀ ਦੀ ਸਰਕਾਰ ਕਹਿਣ ਵਾਲੇ ਭਗਵੰਤ ਮਾਨ ਤੁਰੰਤ ਰਾਹਤ ਦੇਣ