ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਸੂਬਾ ਵਿਧਾਨਸਭਾ ਸੈਸ਼ਨ ਵਧਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਕ ਦਿਨ ਦੇ ਸੈਸ਼ਨ ਨਾਲ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ  400ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤਿੰਨ ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ।


ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਵਿਚਾਲੇ ਖਿੱਚੋਤਾਣ ਜਾਰੀ ਹੈ। ਸਿੱਧੂ ਨੇ ਆਪਣੀ ਹੀ ਸਰਕਾਰ ਤੋਂ ਉਪਭੋਗਤਾਵਾਂ ਨੂੰ ਬਿਜਲੀ ਦਰਾਂ 'ਚ ਰਾਹਤ ਦੇਣ ਲਈ ਊਰਜਾ ਨਿਆਮਕ ਨੂੰ ਹੁਕਮ ਦੇਣ ਦੀ ਮੰਗ ਵੀ ਕੀਤੀ।


ਨਵਜੋਤ ਸਿੱਧੂ ਨੇ ਬਿਜਲੀ ਦਰਾਂ ਸਬੰਧੀ ਦੋ ਤਾਜ਼ਾ ਟਵੀਟ ਕੀਤੇ ਹਨ, ਉਨ੍ਹਾਂ ਦਾ ਇਰਾਦਾ ‘ਸਪਸ਼ਟ’ ਹੋ ਸਕਦਾ ਹੈ ਪਰ ਟਵੀਟ ਤੋਂ ਇੰਝ ਜਾਪਦਾ ਹੈ ਜਿਵੇਂ ਉਹ ਪੰਜਾਬ ਸਰਕਾਰ ਨੂੰ ‘ਨਿਰਦੇਸ਼’ ਦੇ ਰਹੇ ਹੋਣ।


ਪਹਿਲੇ ਟਵੀਟ ਵਿੱਚ, ਉਨ੍ਹਾਂ ਲਿਖਿਆ ਹੈ, 'ਪੰਜਾਬ ਸਰਕਾਰ ਨੂੰ ਜਨਤਕ ਹਿੱਤ ਵਿੱਚ ਪੀਐਸਈਆਰਸੀ ਨੂੰ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ ਕਿ ਉਹ ਪ੍ਰਾਈਵੇਟ ਪਾਵਰ ਪਲਾਂਟਾਂ ਨੂੰ ਅਦਾ ਕੀਤੇ ਜਾ ਰਹੇ ਟੈਰਿਫ ਵਿੱਚ ਸੋਧ ਕਰੇ। ਨੁਕਸਦਾਰ ਪੀਪੀਏ (PPAs) ਨੂੰ ਸਿਫ਼ਰ ਐਲਾਨਿਆ ਜਾਵੇ। ਨੁਕਸਦਾਰ ਪੀਪੀਏ (PPA) ਨੂੰ ਖਤਮ ਕਰਨ ਤੇ ਨਵਾਂ ਕਾਨੂੰਨ ਲਿਆਉਣ ਲਈ ਪੰਜ ਤੋਂ ਸੱਤ ਦਿਨਾਂ ਦਾ ਵਿਧਾਨ ਸਭਾ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਹੈ।


ਇਸੇ ਮੁੱਦੇ 'ਤੇ ਕੀਤੇ ਗਏ ਇੱਕ ਹੋਰ ਟਵੀਟ ਵਿੱਚ, ਸਾਬਕਾ ਅੰਤਰਰਾਸ਼ਟਰੀ ਕ੍ਰਿਕੇਟਰ ਨਵਜੋਤ ਸਿੱਧੂ ਨੇ ਲਿਖਿਆ,'ਇਸ ਨਾਲ ਪੰਜਾਬ ਸਰਕਾਰ ਨੂੰ 'ਜਨਰਲ ਸ਼੍ਰੇਣੀ' ਸਮੇਤ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ। ਘਰੇਲੂ ਟੈਰਿਫ 3 ਰੁਪਏ ਪ੍ਰਤੀ ਯੂਨਿਟ ਤੇ ਉਦਯੋਗ 5 ਰੁਪਏ ਪ੍ਰਤੀ ਯੂਨਿਟ... ਇਸ ਨਾਲ ਸਾਰੇ ਬਕਾਇਆ ਬਿੱਲਾਂ ਦੇ ਨਿਬੇੜੇ ਤੇ ਬੇਲੋੜੇ ਬਿੱਲਾਂ ਨੂੰ ਮੁਆਫ ਕਰਨ ਵਿੱਚ ਸਹਾਇਤਾ ਮਿਲੇਗੀ।