Farmers Protest: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਪੰਜਾਬ ਸਰਕਾਰ ਤੇ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਉੱਪਰ ਵੱਡਾ ਇਲਜ਼ਾਮ ਲਾਇਆ ਹੈ। ਖੱਟਰ ਨੇ ਕਿਹਾ ਹੈ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਹੀ ਹਰਿਆਣਾ ਦਾ ਮਾਹੌਲ ਵਿਗਾੜ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪਿੱਛੇ ਪੰਜਾਬ ਦਾ ਹੀ ਹੱਥ ਹੈ।


ਉਨ੍ਹਾਂ ਨੇ ਕਿਹਾ ਕਿ ਇਸ ਸਬੂਤ ਇਹ ਹੈ ਕਿ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਲੱਡੂ ਗਵਾ ਰਹੇ ਹਨ। ਉਨ੍ਹਾਂ ਦੇ ਇਸ਼ਾਰਾ ਸੀ ਕਿ ਕਾਂਗਰਸ ਦੀ ਸ਼ਹਿ ਉੱਪਰ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ।


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਥੋੜੀ ਦੇਰ ਬਾਅਦ ਪਲਟਵਾਰ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਸਮੇਤ ਬੀਜੇਪੀ 'ਤੇ ਇਲਜ਼ਾਮ ਲਾਇਆ ਕਿ ਪ੍ਰਦਰਸ਼ਨਕਾਰੀ ਕਿਸਾਨਾਂ 'ਤੇ ਖਤਰਨਾਕ ਹਮਲੇ ਨੂੰ ਲੈਕੇ ਉਹ ਸ਼ਰਮਨਾਕ ਝੂਠ ਬੋਲ ਰਹੇ ਹਨ। ਕੈਪਟਨ ਨੇ ਬਿਆਨ ਜਾਰੀ ਕਰਕੇ ਕਿਹਾ, 'ਤੁਹਾਡੀ ਪਾਰਟੀ ਨੇ ਕਿਸਾਨਾਂ ਨੂੰ ਜਿਹੜੀਆਂ ਪਰੇਸ਼ਾਨੀਆਂ 'ਚ ਧੱਕਿਆ ਹੈ ਉਸ ਲਈ ਪੰਜਾਬ ਦੇ ਸਿਰ ਦੋਸ਼ ਮੜ੍ਹਨ ਦੀ ਬਜਾਇ ਖੇਤੀ ਕਾਨੂੰਨ ਵਾਪਸ ਲੈ ਲਓ।'


ਕਰਨਾਲ ਦੇ ਘਰੌਂਡਾ ਚ ਸੋਮਵਾਰ ਹੋਈ ਕਿਸਾਨ ਮਹਾਂਪੰਚਾਇਤ ਚ ਹਰਿਆਣਾ ਸਰਕਾਰ ਲਈ ਅਲਟੀਮੇਟਮ ਜਾਰੀ ਕੀਤਾ ਗਿਆ। ਇਸ ਚ ਸ਼ਨੀਵਾਰ ਦੇ ਲਾਠੀਚਾਰਜ ਲਈ ਜ਼ਿੰਮੇਵਾਰ ਲੋਕਾਂ ਖਿਲਾਫ 6 ਸਤੰਬਰ ਤਕ ਮਾਮਲੇ ਦਰਜ ਕਰਨ ਦੀ ਮੰਗ ਕੀਤੀ ਗਈ। 6 ਸਤੰਬਰ ਤੱਕ ਦਾ ਸਮਾਂ ਸਰਕਾਰ ਨੂੰ ਦਿੱਤਾ ਗਿਆ ਹੈ, ਜੇ ਸਰਕਾਰ ਸਹਿਮਤ ਨਹੀਂ ਹੋਈ ਤਾਂ 7 ਤਰੀਕ ਨੂੰ ਕਰਨਾਲ ਵਿੱਚ ਇੱਕ ਹੋਰ ਵੱਡੀ ਪੰਚਾਇਤ ਹੋਵੇਗੀ, ਉਸ ਤੋਂ ਬਾਅਦ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ ਕੀਤਾ ਜਾਵੇਗਾ।


ਕਰਨਾਲ ਜ਼ਿਲ੍ਹੇ ਦੇ ਘਰੌਂਡਾ ’ਚ ਕਿਸਾਨਾਂ ਦੀ ਮਹਾਂਪੰਚਾਇਤ ਹੋਈ। ਕਿਸਾਨ ਆਗੂ ਗੁਰਨਾਮ ਸਿੰਘ ਚੜ੍ਹੂਨੀ ਅਨੁਸਾਰ ਇੱਥੇ ਚਾਰ ਫ਼ੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਹੈ ਕਿ ਪਹਿਲਾ ਫੈਸਲਾ ਲਿਆ ਹੈ ਕਿ ਵਹਿਸ਼ੀਆਨਾ ਲਾਠੀਚਾਰਜ ਕਰਵਾਉਣ ਵਾਲੇ ਐਸਡੀਐਮ ਨੂੰ ਬਰਖ਼ਾਸਤ ਕੀਤਾ ਜਾਵੇ। ਦੂਜਾ ਸਮੁੱਚੇ ਕਰਨਾਲ ਪ੍ਰਸ਼ਾਸਨ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ ਹੈ। ਤੀਜਾ ਫੈਸਲਾ ਲਿਆ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਿਸਾਨਾਂ ਤੋਂ ਮੁਆਫ਼ੀ ਮੰਗਣ। ਚੌਥੇ ਸ਼ਹੀਦ ਹੋਏ ਕਿਸਾਨ ਸੁਸ਼ੀਲ ਕਾਜਲ ਦੇ ਪਰਿਵਾਰ ਲਈ 25 ਲੱਖ ਰੁਪਏ ਮੁਆਵਜ਼ਾ ਤੇ ਉਸ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਗਈ ਹੈ।


ਕਰਨਾਲ ਦੇ ਐਸਡੀਐਮ ਵੱਲੋਂ ਕਿਸਾਨਾਂ ਦੇ ਸਿਰ ਪਾੜਨ ਵਾਲੇ ਹੁਕਮਾਂ ਉੱਤੇ ਖੱਟਰ ਨੇ ਕਿਹਾ ਕਿ ਮੈਂ ਅਫਸਰ ਦਾ ਵੀਡੀਓ ਵੇਖਿਆ ਹੈ, ਇਹ ਸ਼ਬਦ ਅਧਿਕਾਰੀ ਦੁਆਰਾ ਨਹੀਂ ਬੋਲੇ ਜਾਣੇ ਚਾਹੀਦੇ ਸਨ। ਸ਼ਬਦਾਂ ਦੀ ਚੋਣ ਸਹੀ ਨਹੀਂ ਸੀ, ਪਰ ਸਖਤੀ ਨਹੀਂ ਹੋਣੀ ਚਾਹੀਦੀ, ਅਜਿਹਾ ਵੀ ਨਹੀਂ। ਖੱਟਰ ਨੇ ਕਿਹਾ ਉਸ ਅਫਸਰ ਉਤੇ ਕਾਰਵਾਈ ਹੋਵੇਗੀ ਜਾਂ ਨਹੀਂ, ਇਹ ਪ੍ਰਸ਼ਾਸਨ ਦੇਖੇਗਾ।