ਬਟਾਲਾ: ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਪਾਰਟੀ ਬਣਾਉਣ ਤੇ ਚੋਣਾਂ ਲੜਨ ਦੇ ਸਵਾਲ ਬਾਰੇ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਉਹ ਕਿਸਾਨਾਂ ਤੇ ਕਿਸਾਨੀ ਦਾ ਬਹੁਤ ਸਤਿਕਾਰ ਕਰਦੇ ਹਨ। ਉਹ ਕਿਸਾਨਾਂ ਦੇ ਇਸ ਫੈਸਲੇ ਨੂੰ ਉਨ੍ਹਾਂ ਦਾ ਹੱਕ ਸਮਝਦੇ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਉਹ ਪਹਿਲੇ ਲੀਡਰ ਸਨ ਜਿਨ੍ਹਾਂ ਕਿਸਾਨਾਂ ਨੂੰ ਇਹ ਕਿਹਾ ਸੀ ਕਿ ਉਹ ਆਪਣੀ ਗੱਲ ਮਨਵਾਉਣ ਲਈ ਚੋਣ ਲੜ ਲੈਣ ਜਾਂ ਕਿਸੇ ਪਾਰਟੀ ਕੋਲੋਂ ਆਪਣੀਆਂ ਗੱਲਾਂ ਮਨਵਾ ਲੈਣ। ਮਕਸਦ ਤਾਂ ਇਹ ਹੈ ਕਿ ਕਿਸਾਨਾਂ ਨੂੰ ਇੱਜਤ ਦੀ ਰੋਟੀ ਮਿਲੇ। ਦੱਸ ਦਈਏ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਅੱਜ ਬਟਾਲਾ ਵਿੱਚ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸੀ। ਉਨ੍ਹਾਂ ਹਰ ਵਾਰ ਦੀ ਤਰ੍ਹਾਂ ਆਪਣੇ ਸੰਬੋਧਨ ਵਿੱਚ ਪੰਜਾਬ ਮਾਡਲ ਦੀ ਗੱਲ ਦੁਹਰਾਈ। ਉਨ੍ਹਾਂ ਬਟਾਲਾ ਦੇ ਸਾਬਕਾ ਵਿਧਾਇਕ ਤੇ ਪੰਜਾਬ ਹੈਲਥ ਸਿਸਟਮ ਕਾਰਪੋਰਸ਼ਨ ਦੇ ਚੇਅਰਮੈਨ ਅਸ਼ਵਨੀ ਸੇਖੜੀ ਦੇ ਹੱਕ ਵਿੱਚ ਨਿੱਤਰਦੇ ਹੋਏ ਕਿਹਾ ਕਿ ਬਟਾਲਾ ਤੋਂ ਅਸ਼ਵਨੀ ਸੇਖੜੀ ਹੀ ਅਗਲੇ ਉਮੀਦਵਾਰ ਹੋਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਕਾਂਗਰਸ ਪਾਰਟੀ ਦਾ ਹੀ ਇੱਕ ਪੱਖ ਹੈ ਜੋ ਉਮੀਦਵਾਰ ਜਿਸ ਹਲਕੇ ਵਿੱਚ ਪਿਛਲੇ ਸਮੇਂ ਵਿੱਚ ਕੰਮ ਕਰ ਰਿਹਾ ਹੈ ਜਾਂ ਜਿੱਤਿਆ ਸੀ, ਉਹੀ ਉਮੀਦਵਾਰ ਉਸੇ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ ਤੇ ਬਾਹਰੀ ਹਲਕੇ ਤੋਂ ਕੋਈ ਅਦਲਾ-ਬਦਲੀ ਨਹੀਂ ਕੀਤੀ ਜਾਵੇਗੀ। ਸਿੱਧੂ ਨੇ ਇਮਾਨਦਾਰ ਮੁੱਖ ਮੰਤਰੀ ਲਿਆਉਣ ਬਾਰੇ ਉਨ੍ਹਾਂ ਦੇ ਬਿਆਨ ਤੇ ਕਿਹਾ ਕਿ ਇਹ ਪੰਜਾਬ ਦੇ ਲੋਕ ਤਹਿ ਕਰਨਗੇ ਕਿ ਉਹ ਕੌਣ ਹੈ। ਇਸ ਦੇ ਨਾਲ ਹੀ ਪੁਲਿਸ ਥਾਣੇਦਾਰ ਬਾਰੇ ਟਿਪਣੀ ਨੂੰ ਉਨ੍ਹਾਂ ਆਪਣੇ ਸੰਬੋਧਨ ਵਿੱਚ ਦੁਹਰਿਆ ਤੇ ਜਦ ਇਸ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮਹਿਜ ਮੁਹਾਵਰੇ ਦੇ ਤੌਰ ਤੇ ਇੱਕ ਰੋਹਬ ਵਾਲੇ ਬੰਦਾ ਹੋਣ ਦੀ ਗੱਲ ਵਜੋਂ ਆਖਿਆ ਹੈ, ਕੋਈ ਉਨ੍ਹਾਂ ਦੀ ਗੱਲ ਨੂੰ ਤੋੜ-ਮੋੜ ਕੇ ਪੇਸ਼ ਕਰੇ ਜਾਂ ਸਮਝੇ ਤਾਂ ਉਸ ਬਾਰੇ ਉਹ ਕੁਝ ਨਹੀਂ ਕਹਿਣਗੇ।

 

ਇਹ ਵੀ ਪੜ੍ਹੋ : India vs South Africa: ਦੁਨੀਆ ਲਈ ਮਾੜਾ ਪਰ ਰਵੀਚੰਦਰਨ ਅਸ਼ਵਿਨ ਲਈ ਸ਼ਾਨਦਾਰ ਸਾਲ 2021

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :

https://play.google.com/store/apps/details?id=com.winit.starnews.hinhttps://apps.apple.com/in/app/abp-live-news/id81111490