ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਵਿਸ਼ੇਸ਼ ਸੱਦਾ ਮਿਲਿਆ ਹੈ। ਸਿੱਧੂ ਨੇ ਇਸ ਸੱਦੇ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਉਹ ਭਲਕੇ ਯਾਨੀ 17 ਦਸੰਬਰ ਨੂੰ ਹੋਣ ਵਾਲੇ ਕਮਲ ਨਾਥ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਵੀ ਹੋਣਗੇ।
ਇਹ ਵੀ ਪੜ੍ਹੋ: ਕਾਂਗਰਸ ਨੇ 1984 ਸਿੱਖ ਕਤਲੇਆਮ 'ਚ ਕਮਲ ਨਾਥ ਲਈ ਮੰਗਿਆ ਮੋਦੀ ਵਾਂਗ 'ਸ਼ੱਕ ਦਾ ਲਾਭ'
ਕਮਲ ਨਾਥ ਉੱਪਰ 1984 ਸਿੱਖ ਕਤਲੇਆਮ ਵਿੱਚ ਸ਼ਮੂਲੀਅਤ ਹੋਣ ਦੇ ਇਲਜ਼ਾਮ ਲੱਗੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਮਲ ਨਾਥ ਨੂੰ ਪੰਜਾਬ ਦਾ ਇੰਚਾਰਜ ਲਾਇਆ ਗਿਆ ਸੀ, ਪਰ ਵਿਰੋਧ ਹੋਣ 'ਤੇ ਉਹ ਖ਼ੁਦ ਹੀ ਅਹੁਦੇ ਤੋਂ ਪਿੱਛੇ ਹੱਟ ਗਏ ਸਨ ਅਤੇ ਆਸ਼ਾ ਕੁਮਾਰੀ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਾਇਆ ਗਿਆ ਸੀ। ਪਰ ਹੁਣ, ਕਈ ਸਿਆਸੀ ਧਿਰਾਂ ਵੱਲੋਂ ਕਮਲ ਨਾਥ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ।
ਪਰ ਨਵਜੋਤ ਸਿੱਧੂ ਦਾ ਤਰਕ ਹੈ ਕਿ ਉਹ ਸਿਰਫ਼ ਪਾਰਟੀ ਹਾਈਕਮਾਨ ਦੇ ਸੱਦੇ 'ਤੇ ਹੀ ਮੱਧ ਪ੍ਰਦੇਸ਼ ਜਾ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਿਧਾਨ ਸਭਾ ਇਜਲਾਸ ਦੌਰਾਨ ਕਮਲ ਨਾਥ ਦੇ ਮਸਲੇ 'ਤੇ ਕੰਨ ਵਲ੍ਹੇਟ ਲਏ ਸਨ ਤੇ ਕਮਲ ਨਾਥ ਦੇ ਮਾਮਲੇ ਵਿੱਚ ਕਾਨੂੰਨ ਵੱਲੋਂ ਆਪਣਾ ਕੰਮ ਕੀਤੇ ਜਾਣ ਦੀ ਗੱਲ ਕਹੀ ਸੀ। ਜ਼ਿਕਰਯੋਗ ਹੈ ਕਿ ਸਿੱਧੂ ਨੇ ਇਸੇ ਸਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ ਤੇ ਪਾਕਿ ਫ਼ੌਜ ਮੁਖੀ ਨਾਲ ਉਨ੍ਹਾਂ ਦੀ ਜੱਫੀ ਪੈ ਗਈ ਸੀ ਜਿਸ ਤੋਂ ਬਾਅਦ ਕਾਫੀ ਵਿਵਾਦ ਹੋਇਆ ਸੀ। ਇੱਧਰ, ਕਮਲ ਨਾਥ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਸਿੱਧੂ ਦੀ ਸ਼ਮੂਲੀਅਤ ਵਿਵਾਦਾਂ ਦਾ ਸ਼ਿਕਾਰ ਹੋ ਸਕਦੀ ਹੈ।
ਸਬੰਧਤ ਖ਼ਬਰ: ਫੂਲਕਾ ਨੇ ਦੱਸੀ ਕਮਲਨਾਥ ਦੀ 'ਸੱਚਾਈ', ਰਕਾਬਗੰਜ 'ਚ ਭੀੜ ਉਕਸਾਈ ਤੇ ਸਿੱਖਾਂ ਨੂੰ ਸਾੜਿਆ..!
ਪੰਜਾਬ ਕਾਂਗਰਸ ਵਿੱਚੋਂ ਸਿੱਧੂ ਹੀ ਇਕਲੌਤੇ ਲੀਡਰ ਹਨ ਜੋ ਮੱਧ ਪ੍ਰਦੇਸ਼ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ। ਸਿੱਧੂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ 15 ਦਿਨਾਂ ਦੇ ਚੋਣ ਪ੍ਰਚਾਰ ਦੌਰਾਨ ਤਕਰੀਬਨ 70 ਰੈਲੀਆਂ ਕੀਤੀਆਂ, ਜਿਨ੍ਹਾਂ ਵਿੱਚੋਂ ਛੇ ਦਿਨ ਮੱਧ ਪ੍ਰਦੇਸ਼ ਲੇਖੇ ਲਾਏ ਸਨ। ਸਿੱਧੂ ਨੇ ਰੈਲੀਆਂ ਕਰ-ਕਰ ਆਪਣੀਆਂ ਰਗਾਂ ਬਹਾ ਲਈਆਂ ਸਨ ਅਤੇ ਜਿੱਤ ਤੋਂ ਬਾਅਦ ਪਾਰਟੀ ਨੇ ਆਪਣੇ ਸਟਾਰ ਪ੍ਰਚਾਰਕ ਨੂੰ ਮਾਣ-ਤਾਣ ਦੇਣ ਲਈ ਵਿਸ਼ੇਸ਼ ਸੱਦਾ ਭੇਜਿਆ ਹੈ।