ਚੰਡੀਗੜ੍ਹ: ਪੰਜਾਬ ਐਂਟੀ ਗੈਂਗ ਟਾਸਕ ਫੋਰਸ ਵੱਲੋਂ ਗ੍ਰਿਫਤਾਰ ਦਵਿੰਦਰ ਬੰਬੀਹਾ ਗਰੋਹ ਦਾ ਗੈਂਗਸਟਰ ਪੁਲਿਸ ਕੋਲ ਨੀਰਜ ਚਸਕਾ ਵੱਡੇ ਖੁਲਾਸੇ ਕਰੇਗਾ। ਪੁਲਿਸ ਨੇ ਨੀਰਜ ਚਸਕਾ ਨੂੰ ਜੰਮੂ ਤੋਂ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਹੈ ਕਿ ਨੀਰਜ ਚਸਕਾ ਤੋਂ ਪੁੱਛ-ਪੜਤਾਲ ਨਾਲ ਬੰਬੀਹਾ ਗਰੋਹ ਦੀਆਂ ਹੋਰ ਗਤੀਵਿਧੀਆਂ ਤੇ ਯੋਜਨਾਵਾਂ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ। 

Continues below advertisement


ਅਹਿਮ ਗੱਲ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਗੈਂਗਸਟਰ ਵੱਲੋਂ ਪੁਲਿਸ ਕੋਲ ਵੱਡੇ ਖੁਲਾਸੇ ਕੀਤੇ ਜਾ ਰਹੇ ਹਨ। ਇਸ ਕਰਕੇ ਹੀ ਪੁਲਿਸ ਨੂੰ ਕਈ ਖਤਰਨਾਕ ਗੈਂਗਸਟਰ ਫੜਨ ਵਿੱਚ ਮਦਦ ਮਿਲ ਰਹੀ ਹੈ। ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਲਾਰੈਂਸ ਬਿਸ਼ਨੋਈ ਤੇ ਉਸ ਦੇ ਕਈ ਸਾਥੀਆਂ ਦੀ ਪੁੱਛ-ਗਿੱਛ ਤੋਂ ਪਤਾ ਲੱਗਾ ਹੈ ਕਿ ਗੁਰਲਾਲ ਬਰਾੜ ਦੇ ਕਤਲ ਵਿੱਚ ਸ਼ਾਮਲ ਹੋਣ ਕਰਕੇ ਚਸਕਾ ਬਿਸ਼ਨੋਈ ਗਰੋਹ ਦੀ ਹਿੱਟ ਲਿਸਟ ’ਤੇ ਸੀ।


ਦਰਅਸਲ ਨੀਰਜ ਚਸਕਾ ਗੁਰਲਾਲ ਬਰਾੜ ਤੇ ਚੰਡੀਗੜ੍ਹ ਦੇ ਸੁਰਜੀਤ ਬਾਊਂਸਰ ਦੇ ਕਤਲ ਲਈ ਲੋੜੀਂਦਾ ਸੀ। ਗੁਰਲਾਲ ਗੈਂਗਸਟਰ ਗੋਲਡੀ ਬਰਾੜ ਦਾ ਚਚੇਰਾ ਭਰਾ ਸੀ। ਗੋਲਡੀ ਬਰਾੜ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਸੀ ਕਿ ਪੁਲਿਸ ਨੇ ਉਸ ਦੇ ਚਚੇਰੇ ਭਰਾ ਦੇ ਕਾਤਲਾਂ ਨੂੰ ਛੱਡ ਦਿੱਤਾ ਹੈ।


ਡੀਜੀਪੀ ਗੌਰਵ ਯਾਦਵ ਕਿਹਾ ਕਿ ਗੁਰਲਾਲ ਦੇ ਕਤਲ ਤੋਂ ਇਲਾਵਾ ਚਸਕਾ ਦੀ ਚਾਰ ਹੋਰ ਕਤਲਾਂ ’ਚ ਸਿੱਧੀ ਸ਼ਮੂਲੀਅਤ ਸੀ। ਇਨ੍ਹਾਂ ’ਚ ਅਗਸਤ 2019 ’ਚ ਕਬੱਡੀ ਖਿਡਾਰੀ ਮਨੀ ਦਾ ਕਤਲ ਵੀ ਸ਼ਾਮਲ ਹੈ ਜਿਸ ਨੂੰ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਅਮਨਾ ਜੈਤੋ ਦੇ ਇਸ਼ਾਰੇ ’ਤੇ ਕਤਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮਾਰਚ 2021 ’ਚ ਪਰਦੀਪ ਉਰਫ਼ ਪੰਜਾ ਤੇ ਰਾਹੁਲ ਦੀ ਅੰਬਾਲਾ ਵਿੱਚ ਹੱਤਿਆ ਕਰ ਦਿੱਤੀ ਗਈ ਸੀ।


ਡੀਜੀਪੀ ਨੇ ਦੱਸਿਆ ਕਿ ਚਸਕਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਾਰਚ 2020 ਵਿੱਚ ਚੰਡੀਗੜ੍ਹ ਦੇ ਸੈਕਟਰ-38 ਵਿੱਚ ਸੁਰਜੀਤ ਬਾਊਂਸਰ ਦਾ ਕਤਲ ਕੀਤਾ ਸੀ। ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ ’ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਦਾਅਵਾ ਕੀਤਾ ਸੀ ਕਿ ਸਕੇਤੜੀ ’ਚ ਬਾਊਂਸਰ ਅਮਿਤ ਸ਼ਰਮਾ ਦੀ ਹੱਤਿਆ ਦਾ ਬਦਲਾ ਲੈਣ ਲਈ ਸੁਰਜੀਤ ਬਾਊਂਸਰ ਦੀ ਹੱਤਿਆ ਕੀਤੀ ਗਈ ਹੈ।