ਕੋਟਕਪੂਰਾ: ਬਰਗਾੜੀ ਮੋਰਚੇ 'ਤੇ ਬੈਠੇ ਮੁਤਵਾਜ਼ੀ ਜਥੇਦਾਰਾਂ ਤੇ ਗਰਮਖਿਆਲੀਆਂ ਨੇ ਪੰਜਾਬ ਦਾ ਧਾਰਮਿਕ ਤੇ ਸਿਆਸੀ ਨਿਜ਼ਾਮ ਬਦਲਣ ਲਈ ਨਵਾਂ ਅਕਾਲੀ ਦਲ ਬਣਾਉਣ ਦਾ ਸੱਦਾ ਦਿੱਤਾ ਹੈ। ਬੀਤੇ ਐਤਵਾਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਬਾਅਦ ਸਾਰੇ ਪੰਥਕ ਲੀਡਰਾਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਿੱਧੀ ਚੁਣੌਤੀ ਦੇਣ ਲਈ ਇਹ ਸੱਦਾ ਦਿੱਤਾ ਹੈ।


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਪੰਥ ਤੇ ਪੰਥਕ ਏਜੰਡੇ ਨਾਲ ਕੋਈ ਲੈਣ ਦੇਣ ਨਹੀਂ। ਇਹ ਪਾਰਟੀ ਸਿਰਫ਼ ਬਾਦਲਾਂ ਦੀ ਜਾਗੀਰ ਹੀ ਬਣ ਗਈ ਹੈ। ਉਨ੍ਹਾਂ ਸਾਰੇ ਪੰਥ ਦਰਦੀਆਂ ਨੂੰ ਨਵਾਂ ਤੇ ਸੱਚਾ ਅਕਾਲੀ ਦਲ ਖੜ੍ਹਾ ਕਰਨ ਦਾ ਸੱਦਾ ਦਿੱਤਾ।

ਇਹ ਪਹਿਲੀ ਵਾਰ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲ਼ੀਕਾਂਡਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਲਾਏ ਗਏ ਬਰਗਾੜੀ ਇਨਸਾਫ਼ ਮੋਰਚੇ ਤੋਂ ਸਿਆਸੀ ਪਾਰਟੀ ਬਣਾਉਣ ਦਾ ਸੱਦਾ ਦਿੱਤਾ ਗਿਆ ਹੋਵੇ। ਹਾਲਾਂਕਿ, ਬੀਤੀ ਸੱਤ ਅਕਤੂਬਰ ਨੂੰ ਸੁਖਪਾਲ ਖਹਿਰਾ ਨਾਲ ਕੱਢੇ ਗਏ ਰੋਸ ਮਾਰਚ ਤੋਂ ਬਾਅਦ ਕਿਆਸ ਸਨ ਕਿ ਨਵੇਂ ਸਿਆਸੀ ਫਰੰਟ ਦਾ ਐਲਾਨ ਹੋਵੇਗਾ, ਪਰ ਬਾਅਦ ਵਿੱਚ ਖਹਿਰਾ ਤੇ ਮੋਰਚੇ ਦੇ ਆਗੂਆਂ ਦੇ ਰਾਹ ਵੀ ਵੱਖ-ਵੱਖ ਹੋ ਗਏ।

ਹੁਣ ਬਰਗਾੜੀ ਇਨਸਾਫ਼ ਮੋਰਚੇ ਦੇ ਆਗੂਆਂ ਦੇ ਸੱਦੇ ਕਾਰਨ ਪੰਜਾਬ ਦਾ ਸਿਆਸੀ ਮਾਹੌਲ ਭਖ਼ ਸਕਦਾ ਹੈ। ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਹੋਣ ਵਾਲੀਆਂ ਹਨ। ਜੇਕਰ ਨਵਾਂ ਸਿਆਸੀ ਫਰੰਟ ਬਣਦਾ ਹੈ ਤੇ ਚੋਣਾਂ ਹੁੰਦੀਆਂ ਹਨ ਤਾਂ ਇਸ ਵਿੱਚ ਅਕਾਲੀ ਦਲ (ਬਾਦਲ) ਦਾ ਬੇਹੱਦ ਨੁਕਸਾਨ ਹੋ ਸਕਦਾ ਹੈ।

ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੋਂ ਇਲਾਵਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਸੰਤ ਸਮਾਜ ਦੇ ਕਈ ਆਗੂਆਂ ਨੇ ਆਪਣੀ ਸਹਿਮਤੀ ਦਿੱਤੀ। ਮਾਨ ਨੇ ਸਿੱਖਾਂ ਦੀ ਆਜ਼ਾਦੀ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਹੱਕ ਵਿੱਚ ਨਾਅਰੇ ਮਾਰੇ। ਇਸੇ ਮੰਚ ਤੋਂ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ 'ਤੇ ਹੋਏ ਗ੍ਰਨੇਡ ਹਮਲੇ ਵਿੱਚ ਦੋ ਸਿੱਖ ਨੌਜਵਾਨਾਂ ਦੀ ਗ੍ਰਿਫ਼ਤਾਰੀ ਪਿੱਛੇ ਸਰਕਾਰ ਤੇ ਪੁਲਿਸ ਦੀ ਭੂਮਿਕਾ 'ਤੇ ਸਵਾਲ ਚੁੱਕੇ।