ਅੰਮ੍ਰਿਤਸਰ: ਕੁਝ ਹੀ ਦਿਨਾਂ ਵਿੱਚ ਨਵਾਂ ਅਕਾਲੀ ਦਲ ਹੋਂਦ ਵਿੱਚ ਆ ਜਾਵੇਗਾ। ਇਤਿਹਾਸ ਨੂੰ ਮੁੜ ਦੁਹਰਾਉਂਦਿਆਂ 1920 ਈਸਵੀ 'ਚ ਬਣੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਇੱਕ ਹੋਰ ਅਕਾਲੀ ਦਲ ਬਣੇਗਾ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚੋਂ ਬਾਹਰ ਕੀਤੇ ਗਏ ਟਕਸਾਲੀ ਅਕਾਲੀ ਆਗੂਆਂ ਤੋਂ ਇਲਾਵਾ ਸਿੱਖ ਲੀਡਰ ਤੇ ਹੋਰ ਹਮਖ਼ਿਆਲੀ ਲੀਡਰਾਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਵੇਗਾ। ਇਹ ਦਾਅਵਾ ਕੀਤਾ ਹੈ ਬਾਗ਼ੀ ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਹੁਰਾਂ ਨੇ। ਸਾਬਕਾ ਮੰਤਰੀਆਂ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੀ ਪਾਕਿ ਪ੍ਰਧਾਨ ਮੰਤਰੀ ਨਾਲ ਦੋਸਤੀ ਦੇ ਚੱਲਦਿਆਂ ਹੀ ਇਹ ਲਾਂਘਾ ਖੁੱਲ੍ਹਿਆ ਹੈ।
ਬ੍ਰਹਮਪੁਰਾ ਨਾਲ ਡਾ. ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਨਾਲ ਹੀ ਨਵੀਂ ਪਾਰਟੀ ਬਣਾਈ ਜਾਵੇਗੀ ਪਰ ਉਪਨਾਮ ਸਾਰਿਆਂ ਨਾਲ ਸਲਾਹ ਮਗਰੋਂ ਜੋੜਿਆ ਜਾਵੇਗਾ। ਆਉਂਦੀ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਵਾਲੇ ਦਿਨ ਪਾਰਟੀ ਦਾ ਰਸਮੀ ਐਲਾਨ ਤੇ ਉਪਨਾਮ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਅਕਾਲੀ ਦਲ ਬਹੁਤ ਸ਼ਕਤੀਸ਼ਾਲੀ ਹੋਵੇਗਾ ਤੇ 1920 ਵਿੱਚ ਬਣੇ ਅਕਾਲੀ ਦਲ ਦੇ ਸੰਵਿਧਾਨ ਤੋਂ ਪ੍ਰੇਰਨਾ ਲੈ ਕੇ ਪਾਰਟੀ ਨੂੰ ਚਲਾਇਆ ਜਾਵੇਗਾ।
ਸੱਜਰੇ ਪਾਰਟੀ ਬਣਾਉਣ ਵਾਲੇ ਪੁਰਾਣੇ ਅਕਾਲੀਆਂ ਨੇ ਨਵੇਂ ਅਕਾਲੀ ਦਲ ਦੀ ਮਜ਼ਬੂਤੀ ਲਈ ਬੈਂਸ ਭਰਾਵਾਂ, ਸੁਖਪਾਲ ਸਿੰਘ ਖਹਿਰਾ ਤੇ ਸਿੱਖ ਜਥੇਬੰਦੀਆਂ ਨੂੰ ਇੱਕ ਝੰਡੇ ਹੇਠ ਇਕੱਤਰ ਹੋਣ ਦੀ ਸੱਦਾ ਦਿੱਤਾ ਹੈ। ਉਨ੍ਹਾਂ ਬਰਗਾੜੀ ਮੋਰਚੇ ਦੇ ਲੀਡਰਾਂ ਨੂੰ ਵੀ ਪਾਰਟੀ 'ਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਹੈ। ਮਾਝੇ ਦੇ ਤਿੰਨੇ ਮਜ਼ਬੂਤ ਲੀਡਰਾਂ ਨੇ ਕਿਹਾ ਕਿ ਅਸੀਂ ਪਾਰਟੀ ਬਣਾ ਰਹੇ ਹਾਂ ਇਸ ਬਾਰੇ ਸੁਖਦੇਵ ਸਿੰਘ ਢੀਂਡਸਾ ਨਾਲ ਗੱਲਬਾਤ ਜ਼ਰੂਰ ਕੀਤੀ ਹੈ। ਆਉਣ ਵਾਲੇ ਸਮੇਂ ਅੱਗੜ-ਪਿੱਛੜ ਲੋਕ ਸਭਾ ਚੋਣਾਂ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੇ ਪੰਚਾਇਤੀ ਚੋਣਾਂ ਆ ਰਹੀਆਂ ਹਨ ਤੇ ਰਣਜੀਤ ਸਿੰਘ ਬ੍ਰਹਮਪੁਰਾ ਮੁਤਾਬਕ ਨਵੇਂ ਅਕਾਲੀ ਦਲ ਤਹਿਤ ਲੋਕ ਸਭਾ ਚੋਣਾਂ ਵੀ ਲੜੀਆਂ ਜਾ ਸਕਦੀਆਂ ਹਨ।
ਅਕਾਲੀ ਲੀਡਰਾਂ ਨੇ ਕਿਹਾ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੀਆਂ ਬੇਵਕੂਫੀਆਂ ਕਰਕੇ ਅਕਾਲੀ ਦਲ ਦਾ ਬੇੜਾ ਗਰਕ ਹੋਇਆ। ਬ੍ਰਹਮਪੁਰਾ ਨੇ ਮੁੜ ਤੋਂ ਇਕੱਠੇ ਹੋਣ ਦੀਆਂ ਸੰਭਾਵਨਾਵਾਂ 'ਤੇ ਵਿਸਰਾਮ ਚਿੰਨ੍ਹ ਲਾਉਂਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵੀ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਤਾਂ ਵੀ ਉਨ੍ਹਾਂ ਮੰਨਣਾ ਨਹੀਂ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਲਾਈਨ ਤੋਂ ਬਾਹਰ ਚੱਲ ਰਹੇ ਬਾਗ਼ੀ ਲੀਡਰਾਂ ਨੂੰ ਉਨ੍ਹਾਂ ਦੇ ਪੁੱਤਰਾਂ ਸਮੇਤ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਹੁਣ ਕੱਢੇ ਗਏ ਲੀਡਰਾਂ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਪੰਜਾਬ ਵਿੱਚ ਗਠਜੋੜ ਕਰ ਵੱਡਾ ਸਾਂਝਾ ਮੋਰਚਾ ਕਾਇਮ ਕਰਨ ਲਈ ਦਰਵਾਜ਼ੇ ਖੋਲ੍ਹ ਲਏ ਹਨ।