ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕਾਫ਼ਲੇ ’ਤੇ ਜੁੱਤੀ ਸੁੱਟਣ ਵਾਲੇ ਸਿੱਖ ਨੌਜਵਾਨਾਂ ਨੂੰ ਸੈਸ਼ਨ ਕੋਰਟ ਤੋਂ ਵੀ ਜ਼ਮਾਨਤ ਨਹੀਂ ਮਿਲੀ। ਸ਼ਨੀਵਾਰ ਨੂੰ ਵਧੀਕ ਸੈਸ਼ਨ ਜੱਜ ਨੇ ਸਿੱਖ ਕਾਰਕੁਨਾਂ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਇਸ ਤੋਂ ਪਹਿਲਾਂ 27 ਨਵੰਬਰ ਨੂੰ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਵੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ।
ਕਾਬਲੇਗੌਰ ਹੈ ਕਿ ਸਿੱਖ ਨੌਜਵਾਨਾਂ ਖ਼ਿਲਾਫ਼ ਲਾਈ ਗਈ ਇਰਾਦਾ ਕਤਲ ਦੀ ਧਾਰਾ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਵਿਰੋਧ ਮਗਰੋਂ ਹਟਾ ਲਈ ਗਈ ਸੀ। ਸੁਣਵਾਈ ਦੌਰਾਨ ਮੁੱਦਈ ਪੱਖ ਦੇ ਵਕੀਲ ਸੁਖਬੀਰ ਪੂਨੀਆ ਵੱਲੋਂ ਜ਼ਮਾਨਤ ਦਾ ਵਿਰੋਧ ਕਰਦਿਆਂ ਤਰਕ ਦਿੱਤਾ ਗਿਆ ਕਿ ਧਾਰਾ 353 ਅਤਿ ਗੰਭੀਰ ਹੈ। ਇਸ ਵਿੱਚ ਸ਼ਾਮਲ ਅਮਰਜੀਤ ਸਿੰਘ ਦੀ ਗ੍ਰਿਫ਼ਤਾਰੀ ਅਜੇ ਤੱਕ ਨਹੀਂ ਹੋਈ। ਉਸ ਖ਼ਿਲਾਫ਼ ਪਹਿਲਾਂ ਵੀ ਇੱਕ ਕੇਸ ਦਰਜ ਹੈ।
ਸੁਖਬੀਰ ਬਾਦਲ ਦੇ ਵਕੀਲ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ। ਯਾਦ ਰਹੇ ਇਸ ਕੇਸ ਵਿੱਚ ਸਿੱਖ ਨੌਜਵਾਨ ਬਚਿੱਤਰ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਗੁਰਜੀਤ ਸਿੰਘ, ਗੁਰਜੰਟ ਸਿੰਘ ਸਥਾਨਕ ਜ਼ਿਲ੍ਹਾ ਜੇਲ੍ਹ ਵਿੱਚ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਬੰਦੀ ਹਨ। ਇਨ੍ਹਾਂ ਖਿਲਾਫ ਇਰਾਦਾ ਕਤਲ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਸੀ। ਵਿਰੋਧ ਹੋਣ ਮਗਰੋਂ ਪੁਲਿਸ ਨੇ ਇਹ ਧਾਰਾ ਹਟਾ ਦਿੱਤੀ ਸੀ।