ਚੰਡੀਗੜ੍ਹ: ਫਾਜ਼ਿਲਕਾ ਵਿੱਚ ਗੈਂਗਰੇਪ ਦਾ ਕੇਸ ਸਾਹਮਣੇ ਆਇਆ ਹੈ ਜਿਸ ਵਿੱਚ ਫਾਜ਼ਿਲਕਾ ਸਿਟੀ ਥਾਣੇ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਤੂਫਾਨ ਸਿੰਘ ਤੇ ਉਸ ਦੇ ਪਿਤਾ ਹਰਮੰਦਰ ਸਿੰਘ ਦਾ ਨਾਂ ਸ਼ਾਮਲ ਹੈ। ਹਰਮੰਦਰ ਸਿੰਘ ਪਿੰਡ ਕੀਡੀਆਂ ਵਾਲੀ ਤੋਂ ਅਕਾਲੀ ਦਲ ਦੇ ਸਰਪੰਚ ਰਹਿ ਚੁੱਕੇ ਹਨ ਤੇ ਬਾਦਲਾਂ ਦੇ ਕਰੀਬੀ ਦੱਸੇ ਜਾਂਦੇ ਹਨ। ਇਨ੍ਹਾਂ ਦੇ ਨਾਲ ਹੀ ਇਸ ਕੇਸ ਵਿੱਚ ਦੋ ਹੋਰ ਬੰਦਿਆਂ ਦਾ ਨਾਂ ਵੀ ਦਰਜ ਕੀਤਾ ਗਿਆ ਹੈ। ਦੋ ਜਣਿਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜਿਨ੍ਹਾਂ ਦੀ ਪੁੱਛਗਿੱਛ ਜਾਰੀ ਹੈ। ਪੁਲਿਸ ਨੇ ਕਿਹਾ ਹੈ ਕਿ ਉਹ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਏਗੀ।

ਬਲਾਤਕਾਰ ਪੀੜਤਾ ਨੇ ਦੱਸਿਆ ਕਿ ਇਹ ਮਾਮਲਾ 27 ਜੁਲਾਈ ਦਾ ਹੈ। ਉਹ ਆਪਣੇ ਪਿੰਡ ਜਾਣ ਲਈ ਆਟੋ ਦੀ ਉਡੀਕ ਕਰ ਰਹੀ ਸੀ। ਇਸੇ ਦੌਰਾਨ ਉਕਤ ਪੁਲਿਸ ਮੁਲਾਜ਼ਮ ਤੂਫਾਨ ਸਿੰਘ ਤੇ ਉਸ ਦੇ ਤਿੰਨ ਸਾਥੀ ਉਸ ਨੂੰ ਪਿੰਡ ਛੱਡਣ ਦੇ ਬਹਾਨੇ ਆਪਣੀ ਕਾਰ ਵਿੱਚ ਬਿਠਾ ਕੇ ਲੈ ਗਏ। ਕਾਰ ਵਿੱਚ ਉਨ੍ਹਾਂ ਪੀੜਤਾ ਨੂੰ ਨਸ਼ਾ ਪਿਲਾਇਆ ਤੇ ਵਾਰ-ਵਾਰ ਉਸ ਦਾ ਬਲਾਤਕਾਰ ਕੀਤਾ।

ਇਸ ਪਿੱਛੋਂ ਪੀੜਤਾ ਨੇ ਡਰ ਦੇ ਮਾਰੇ ਘਰ ਵਿੱਚ ਕਿਸੇ ਨੂੰ ਇਸ ਬਾਰੇ ਨਹੀਂ ਦੱਸਿਆ। ਮੁਲਜ਼ਮ ਦੁਬਾਰਾ ਉਸ  ਨੂੰ ਫੋਨ ’ਤੇ ਧਮਕੀਆਂ ਦਿੰਦੇ ਰਹੇ। ਪੀੜਤਾ ਸਹਿਮ ਜਾਂਦੀ ਸੀ ਇਸ ਲਈ ਕੁਝ ਬੋਲਦੀ ਨਹੀਂ ਸੀ। ਇੱਕ ਵਾਰ ਤਾਂ ਮੁਲਜ਼ਮਾਂ ਨੇ ਉਸ ਦੇ ਘਰ ਆ ਕੇ ਉਸ ਨੂੰ ਧਮਕੀ ਦਿੱਤੀ, ਇਸ ਵਾਰ ਪੀੜਤਾ ਨੇ ਘਰ ਅੰਦਰ ਭੱਜ ਕੇ ਦਰਵਾਜ਼ਾ ਬੰਦ ਕਰ ਲਿਆ ਤੇ ਆਪਣੀ ਜਾਨ ਬਚਾਈ। ਇਸ ਵੇਲੇ ਪੀੜਤਾ ਦੀ ਮਾਂ ਘਰ ਤੋਂ ਬਾਹਰ ਗਈ ਹੋਈ ਸੀ। ਜਦੋਂ ਉਹ ਘਰ ਆਈ ਤਾਂ ਪੀੜਤਾ ਨੇ ਆਪਣੀ ਮਾਂ ਨੂੰ ਸਭ ਦੱਸ ਦਿੱਤਾ।

ਜਦੋਂ ਪੀੜਤਾ ਦੀ ਮਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਪੁਲਿਸ ਨੂੰ ਇਸ ਸਬੰਧੀ ਦੱਸਿਆ ਪਰ ਕਿਸੇ ਨੇ ਉਸ ਦੀ ਇੱਕ ਨਾ ਸੁਣੀ। ਫਿਰ ਉਨ੍ਹਾਂ ਡੀਜੀਪੀ ਪੰਜਾਬ ਸੁਰੇਸ਼ ਅਰੋੜਾ ਨਾਲ ਚੰਡੀਗੜ੍ਹ ਜਾ ਕੇ ਮੁਲਾਕਾਤ ਕੀਤੀ। ਡੀਜੀਪੀ ਨੇ ਉਨ੍ਹਾਂ ਨੂੰ ਜਲਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਪੁਲਿਸ ਨੇ 30 ਨਵੰਬਰ ਨੂੰ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਵਿੱਚ 3 ਮੁੰਡਿਆਂ ਨੇ ਬਲਾਕਤਾਰ ਕੀਤਾ ਹੈ। ਅਕਾਲੀ ਦਲ ਦੇ ਸਾਬਕਾ ਸਰਪੰਚ ਤੇ ਉਸ ਦੇ ਪਿਤਾ ਤੇ ਦਬਾਅ ਪੈਣ ਕਾਰਨ ਮਾਮਲਾ ਦਰਜ ਹੋਇਆ ਹੈ।