ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਲਈ ਮੁੜ ਪ੍ਰੀਖਿਆ ਦੀ ਘੜੀ ਹੈ। ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਵਿੱਚ ਕਾਰਗੁਜ਼ਾਰੀ ਭਗਵੰਤ ਮਾਨ ਦਾ ਭਵਿੱਖ ਤੈਅ ਕਰੇਗੀ। ਉਂਝ ਮਾਨ ਨੇ ਆਪਣੇ ਬਲਬੂਤੇ ’ਤੇ ਹੀ ਚਾਰੇ ਹਲਕਿਆਂ ਵਿੱਚ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ‘ਆਪ’ ਨੂੰ ਜੇਕਰ ਇਨ੍ਹਾਂ ਚੋਣਾਂ ਵਿੱਚ ਵੀ ਜਿੱਤ ਨਾ ਮਿਲੀ ਤਾਂ ਮਾਨ ਤੇ ਪਾਰਟੀ ਦਾ ਸਿਆਸੀ ਵਕਾਰ ਦਾਅ ’ਤੇ ਲੱਗ ਸਕਦਾ ਹੈ। ਦਰਅਸਲ ਪਿਛਲੇ ਸਮੇਂ ਤੋਂ ਪਾਰਟੀ ਹਾਈਕਮਾਂਡ ਤੇ ਪੰਜਾਬ ਦੇ ਇੰਚਾਰਜ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਇਕਾਈ ਵੱਲ ਕੋਈ ਧਿਆਨ ਨਹੀਂ ਦਿੱਤਾ। ਸਾਰੀਆਂ ਤਾਕਤਾਂ ਭਗਵੰਤ ਮਾਨ ਨੂੰ ਸੌਂਪ ਦਿੱਤੀਆਂ ਹਨ। ਇਨ੍ਹਾਂ ਚੋਣਾਂ ਵਿੱਚ ਉਮੀਦਵਾਰਾਂ ਦੀ ਚੋਣ ਕਰਨ ਤੋਂ ਲੈ ਕੇ ਚੋਣ ਪ੍ਰਚਾਰ ਕਰਨ ਤਕ ਦੇ ਅਧਿਕਾਰ ਮਾਨ ਦੇ ਹੱਥ ਹੀ ਹਨ। ਇਸ ਲਈ ਚੋਣਾਂ ਵਿੱਚ ਜਿੱਤ-ਹਾਰ ਦੇ ਜ਼ਿੰਮੇਵਾਰ ਭਗਵੰਤ ਮਾਨ ਹੀ ਹੋਣਗੇ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਮਨੀ ਚੋਣਾਂ ਜੇਕਰ ਆਮ ਆਦਮੀ ਪਾਰਟੀ ਆਪਣਾ ਪਿਛਲਾ ਵੋਟ ਬੈਂਕ ਵੀ ਬਰਕਰਾਰ ਰੱਖਦਾ ਹੈ ਤਾਂ ਇਹ ਵੱਡੀ ਪ੍ਰਾਪਤੀ ਹੋਏਗੀ। ਯਾਦ ਰਹੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਵੋਟ ਬੈਂਕ ਨੂੰ ਵੱਡਾ ਖੋਰਾ ਲੱਗਾ ਹੈ। ਭਗਵੰਤ ਮਾਨ ਲਈ ਵੱਡੀ ਸਮੱਸਿਆ ਪਾਰਟੀ ਅੰਦਰਲੀ ਫੁੱਟ ਹੈ। ਇਸ ਵੇਲੇ ‘ਆਪ’ ਦੇ ਕੁੱਲ 20 ਵਿਧਾਇਕਾਂ ਵਿੱਚੋਂ ਪਾਰਟੀ ਨਾਲ ਸਿਰਫ 11 ਵਿਧਾਇਕ ਹੀ ਹਨ। ਪਾਰਟੀ ਦੇ ਦਾਖਾ ਹਲਕੇ ਦੇ ਵਿਧਾਇਕ ਐਚਐਸ ਫੂਲਕਾ ਦਾ ਅਸਤੀਫਾ ਮਨਜ਼ੂਰ ਹੋ ਚੁੱਕਾ ਹੈ। ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਰੋਪੜ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਚੁੱਕੇ ਹਨ। ਪਾਰਟੀ ਦੇ ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ ਤੇ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਪਾਰਟੀ ਛੱਡ ਕੇ ਨਵੀਂ ਪੰਜਾਬ ਏਕਤਾ ਪਾਰਟੀ ਬਣਾ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਪਾਰਟੀ ਦੇ ਚਾਰ ਹੋਰ ਵਿਧਾਇਕ ਕੰਵਰ ਸੰਧੂ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ ਤੇ ਜਗਦੇਵ ਸਿੰਘ ਕਮਾਲੂ ਬਾਗੀ ਚੱਲਦੇ ਆ ਰਹੇ ਹਨ। ਪਾਰਟੀ ਦੇ ਅੰਦਰ ਵੀ ਕਈ ਧੜੇ ਹਨ। ਵਿਧਾਇਕ ਅਮਨ ਅਰੋੜਾ ਵੀ ਪਿਛਲੇ ਸਮੇਂ ਤੋਂ ਨਾਰਾਜ਼ ਚੱਲ਼ ਰਹੇ ਹਨ। ਅਜਿਹੇ ਸਭ ਵਿੱਚ ਭਗਵੰਤ ਮਾਨ ਲਈ ਜ਼ਿਮਨੀ ਚੋਣਾਂ ਅਗਲੀ ਪ੍ਰੀਖਿਆ ਤੋਂ ਘੱਟ ਨਹੀਂ ਹੋਣ ਵਾਲੀਆਂ।