ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਤੇ ਦਾਖਾ ਤੋਂ ਜ਼ਿਮਨੀ ਚੋਣ ਲਈ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਦੀ ਜੋ ਜ਼ਿੰਮੇਵਾਰੀ ਲਾਈ ਹੈ, ਉਹ ਉਸ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਨਿਭਾਉਣਗੇ। ਇਸ ਦੇ ਨਾਲ ਹੀ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਢਾਈ ਸਾਲਾਂ ਵਿੱਚ ਪੰਜਾਬ ਸਰਕਾਰ ਨੇ ਜੋ ਆਪਣੇ ਵਾਅਦੇ ਪੂਰੇ ਕੀਤੇ ਹਨ, ਉਨ੍ਹਾਂ ਦੇ ਸਿਰ 'ਤੇ ਹੀ ਜ਼ਿਮਨੀ ਚੋਣ ਲੜੀ ਜਾਏਗੀ।
ਕੈਪਟਨ ਸੰਦੀਪ ਸੰਧੂ ਨੇ ਆਪਣੀ ਹੀ ਸਰਕਾਰ ਬਾਰੇ ਦਾਅਵਾ ਕੀਤਾ ਕਿ ਢਾਈ ਸਾਲਾਂ ਦੇ ਕਾਰਜਕਾਲ ਵਿੱਚ ਸਰਕਾਰ ਨੇ 85 ਫੀਸਦੀ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕੀਤਾ। ਉਨ੍ਹਾਂ ਮੁਤਾਬਕ ਉਹ ਕਾਂਗਰਸ ਸਰਕਾਰ ਦੇ ਢਾਈ ਸਾਲਾਂ ਦੇ ਕਾਰਜਕਾਲ ਦਾ ਹਿਸਾਬ ਦੇਣਗੇ। ਪੰਜਾਬ ਦੇ ਵਿੱਚ ਹੋਣ ਵਾਲੀਆਂ ਚਾਰ ਜ਼ਿਮਨੀ ਚੋਣਾਂ ਵਿੱਚੋਂ ਅਹਿਮ ਸੀਟ ਦਾਖਾ ਦੀ ਰਹੇਗੀ।
ਕੈਪਟਨ ਸੰਧੂ ਨੇ ਕਿਹਾ ਕਿ ਆਉਣ ਵਾਲੇ ਢਾਈ ਸਾਲਾਂ ਵਿੱਚ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਤੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਨ ਦੇ ਮੁੱਦੇ 'ਤੇ ਚੋਣ ਲੜੀ ਜਾਏਗੀ। ਉਨ੍ਹਾਂ ਇਹ ਵੀ ਕਿਹਾ ਕਿ ਸਾਹਮਣੇ ਪਾਰਟੀ ਵਿੱਚ ਚਾਹੇ ਕੋਈ ਵੀ ਉਮੀਦਵਾਰ ਹੋਵੇ, ਕਾਂਗਰਸ ਵਿਕਾਸ ਦੇ ਮੁੱਦਿਆਂ 'ਤੇ ਚੋਣ ਲੜੇਗੀ ਤੇ ਦਾਖਾ ਦੀ ਸੀਟ ਤੇ ਜਿੱਤ ਹਾਸਲ ਕਰੇਗੀ।