Punjab News: ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਜੇਲ੍ਹਾਂ ਵਿੱਚ ‘ਗਲਵੱਕੜੀ’ ਪ੍ਰੋਗਰਾਮ ਚਲਾਇਆ ਹੈ। ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀਰਵਾਰ ਨੂੰ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਕੈਦੀਆਂ/ਹਵਾਲਾਤੀਆਂ ਲਈ ‘ਗਲਵੱਕੜੀ’ ਪ੍ਰੋਗਰਾਮ ਦਾ ਉਦਘਾਟਨ ਕੀਤਾ। ਹਾਸਲ ਜਾਣਕਾਰੀ ਮੁਤਾਬਕ ਜੇਲ੍ਹਾਂ ਵਿੱਚ ਨਜ਼ਰਬੰਦ ਹਵਾਲਾਤੀਆਂ ਤੇ ਕੈਦੀਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰਵਾਉਣ ਵਾਸਤੇ ਜੇਲ੍ਹ ਵਿਭਾਗ ਨੇ ਸਦੀ ਪੁਰਾਣੇ ਨਿਯਮਾਂ ਵਿੱਚ ਸੋਧ ਕਰਕੇ ਇਹ ਸਹੂਲਤ ਲਾਗੂ ਕਰ ਦਿੱਤੀ ਹੈ।
ਇਸ ਨਵੇਂ ਉੱਦਮ ਤਹਿਤ ਕੈਦੀ/ਹਵਾਲਾਤੀ ਹੁਣ ਸਾਲ ਦੀ ਤਿਮਾਹੀ ਦੌਰਾਨ ਜੇਲ੍ਹ ਕੰਪਲੈਕਸ ਅੰਦਰ ਸਥਾਪਤ ਵਿਸ਼ੇਸ਼ ਕਮਰੇ ਵਿੱਚ ਪਰਿਵਾਰਕ ਜੀਆਂ ਨੂੰ ਇੱਕ ਘੰਟੇ ਲਈ ਵਿਅਕਤੀਗਤ ਤੌਰ ’ਤੇ ਮਿਲ ਸਕਣਗੇ। ਇਸ ਪ੍ਰੋਗਰਾਮ ਦਾ ਲਾਭ ਸਿਰਫ਼ ਚੰਗੇ ਆਚਰਣ ਵਾਲੇ ਕੈਦੀਆਂ ਤੇ ਹਵਾਲਾਤੀਆਂ ਨੂੰ ਹੀ ਮਿਲੇਗਾ। ਹਾਰਡ ਕੋਰ ਅਪਰਾਧੀਆਂ ਲਈ ਇਹ ਸਹੂਲਤ ਨਹੀਂ ਹੋਵੇਗੀ।
ਇਹ ਵੀ ਪੜ੍ਹੋ: ਘਰ-ਘਰ ਰਾਸ਼ਣ ਸਕੀਮ 'ਤੇ ਮੁੜ ਹਾਈਕੋਰਟ ਵਿੱਚ ਸੁਣਵਾਈ, ਪਿਛਲੀ ਸੁਣਵਾਈ ਨੂੰ ਪੰਜਾਬ ਸਰਕਾਰ ਨੂੰ ਪਾਈ ਸੀ ਝਾੜ
ਹਰਜੋਤ ਬੈਂਸ ਨੇ ਕਿਹਾ ‘ਗਲਵੱਕੜੀ’ ਪ੍ਰੋਗਰਾਮ ਤਹਿਤ ਕੈਦੀ/ਹਵਾਲਾਤੀ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਭੋਜਨ ਦਾ ਆਨੰਦ ਲੈ ਸਕਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜੇਲ੍ਹਾਂ ਨੂੰ ਅਸਲ ‘ਸੁਧਾਰ ਘਰ’ ਬਣਾ ਰਹੀ ਹੈ ਤਾਂ ਕਿ ਕੈਦੀਆਂ ਨੂੰ ਹਕੀਕੀ ਰੂਪ ’ਚ ਸੁਧਾਰਿਆ ਜਾ ਸਕੇ ਤੇ ਉਹ ਜੇਲ੍ਹ ’ਚੋਂ ਰਿਹਾਈ ਮਗਰੋਂ ਆਮ ਜੀਵਨ ਬਤੀਤ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਪਰਿਵਾਰਕ ਮੁਲਾਕਾਤਾਂ ਸੂਬੇ ਦੀਆਂ 23 ਜੇਲ੍ਹਾਂ ਵਿੱਚ ਸ਼ੁਰੂ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਫਰਨੀਚਰ ਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਲੈਸ ਕਮਰੇ ਵਿੱਚ ਕੈਦੀਆਂ/ਹਵਾਲਾਤੀਆਂ ਨੂੰ ਆਪਣੇ ਪੰਜ ਰਿਸ਼ਤੇਦਾਰਾਂ ਨਾਲ ਇੱਕ ਘੰਟਾ ਬਿਤਾਉਣ ਲਈ ਦਿੱਤਾ ਜਾਵੇਗਾ। ਇਸ ਸਹੂਲਤ ਦਾ ਲਾਭ ਲੈਣ ਲਈ ਸਬੰਧਤ ਪਰਿਵਾਰ ਵੱਲੋਂ ਪੰਜਾਬ ਜੇਲ੍ਹ ਵਿਭਾਗ ਦੀ ਅਧਿਕਾਰਤ ਵੈੱਬਸਾਈਟ ’ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਜਾਂ ਕੈਦੀ ਜੇਲ੍ਹ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਸਪੈਸ਼ਲ ਡੀਜੀਪੀ (ਜੇਲ੍ਹਾਂ) ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਾਰੀਆਂ ਮਹਿਲਾ ਕੈਦੀਆਂ ਤੇ ਹਵਾਲਾਤੀਆਂ ਨੂੰ ਹਰ ਮਹੀਨੇ ਪਰਿਵਾਰ ਨਾਲ ਮਿਲਣ ਦੀ ਸਹੂਲਤ ਦਿੱਤੀ ਜਾਵੇਗੀ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।