ਜਲੰਧਰ: ਜਲੰਧਰ ਦੇ ਨਿਜਾਤਮ ਨਗਰ ਇਲਾਕੇ ਵਿੱਚ ਇੱਕ 70 ਸਾਲਾ ਮਹਿਲਾ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ ਆਈ ਹੈ। ਇਸ ਨਾਲ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਚਾਰ ਹੋ ਗਈ ਹੈ। ਇਸ ਤੋਂ ਪਹਿਲਾਂ ਤਿੰਨ ਕੇਸ ਫਿਲੌਰ ਤੋਂ ਆਏ ਸਨ। ਇਸ ਮਹਿਲਾ ਦੀ ਰਿਪੋਰਟ ਆਉਣ ਤੋਂ ਬਾਅਦ ਸ਼ਹਿਰ 'ਚ ਦਹਿਤਸ਼ ਦਾ ਮਾਹੌਲ ਹੈ। ਉਧਰ ਇਸ ਮਾਮਲੇ ਤੋਂ ਬਾਅਦ ਪ੍ਰਸ਼ਾਸਨ ਵੀ ਹਰਕਤ 'ਚ ਆ ਗਿਆ ਹੈ।


ਪੁਲਿਸ ਪ੍ਰਸ਼ਾਸਨ ਨੇ ਮਹਿਲਾ ਦੇ ਘਰ ਸਮੇਤ ਪੂਰਾ ਇਲਾਕਾ ਸੀਲ ਕਰ ਦਿੱਤਾ ਹੈ। ਜਲੰਧਰ ਸਿਹਤ ਵਿਭਾਗ ਦੇ ਨੋਡਲ ਅਫ਼ਸਰ ਟੀਪੀ ਸਿੰਘ ਸੰਧੂ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਤੋਂ 50 ਸੈਂਪਲ ਟੈਸਟ ਲਈ ਭੇਜੇ ਗਏ ਸਨ। ਇਨ੍ਹਾਂ ਵਿੱਚੋਂ 3 ਕੇਸ ਪੌਜ਼ੇਟਿਵ ਹਨ ਤੇ 18 ਦੀ ਰਿਪੋਰਟ ਨੈਗੇਟਿਵ ਹੈ। ਤਿੰਨ ਮਾਮਲੇ ਪਰਸੋਂ ਫਿਲੌਰ ਤੋਂ ਸਾਹਮਣੇ ਆਏ ਸਨ।

ਨੋਡਲ ਅਫ਼ਸਰ ਨੇ ਦੱਸਿਆ ਕਿ 1 ਰਿਪੋਰਟ ਲੁਧਿਆਣਾ ਤੋਂ ਆਈ ਹੈ। 70 ਸਾਲਾ ਮਹਿਲਾ ਲੁਧਿਆਣਾ ਦੇ ਸੀਐਮਸੀ ਹਸਪਤਾਲ 'ਚ ਦਾਖਲ ਹੈ। ਫਿਲਹਾਲ ਮਹਿਲਾ ਦੀ ਟ੍ਰੈਵਲ ਹਿਸਟਰੀ ਬਾਰੇ ਕੁਝ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਇਸ ਨਵੇਂ ਮਾਮਲੇ ਦੇ ਨਾਲ ਹੁਣ ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 32 ਹੋ ਗਈ ਹੈ।