ਹੁਸ਼ਿਆਰਪੁਰ: ਪਾਕਿਸਤਾਨ ਵਿੱਚ ਵਿਸਾਖੀ ਮਨਾਉਣ ਸਿੱਖ ਜੱਥੇ ਨਾਲ ਗਈ ਕਿਰਨ ਬਾਲਾ ਆਪਣੇ ਨਿਕਾਹ ਲਈ ਖਰੀਦਦਾਰੀ ਇੱਥੋਂ ਹੀ ਕਰ ਕੇ ਗਈ ਸੀ। ਇਸ ਗੱਲ ਦਾ ਖੁਲਾਸਾ ਕਿਰਨ ਬਾਲਾ ਨਾਲ ਜਥੇ ਵਿੱਚ ਸ਼ਾਮਲ ਪਿੰਡ ਨੰਗਲ ਦੀ ਰਹਿਣ ਵਾਲੀ ਅਮਰਜੀਤ ਕੌਰ ਨੇ ਏਬੀਪੀ ਸਾਂਝਾ ਕੋਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿਰਨ ਬਾਲਾ ਆਪਣੇ ਨਾਲ ਤਿੰਨ ਫ਼ੋਨ ਵੀ ਲੈ ਕੇ ਗਈ ਸੀ ਜਿਸ ਨਾਲ ਉਹ ਆਪਣੇ ਪਾਕਿਸਤਾਨੀ ਦੋਸਤ ਨਾਲ ਗੱਲ ਕਰਦੀ ਸੀ।   ਅਮਰਜੀਤ ਕੌਰ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਕਿਰਨ ਬਾਲਾ ਨੇ ਜਥੇ ਵਿੱਚ ਕਿਸੇ ਨੂੰ ਸ਼ੱਕ ਨਹੀਂ ਸੀ ਹੋਣ ਦਿੱਤਾ ਕਿ ਉਹ ਪਾਕਿਸਤਾਨ ਜਾ ਕੇ ਅਜਿਹਾ ਕਰੇਗੀ। ਉਨ੍ਹਾਂ ਦੱਸਿਆ ਕਿ ਕਿਰਨ ਬਾਲਾ ਆਪਣੇ ਨਾਲ ਆਪਣੇ ਪਾਕਿਸਤਾਨ ਵਾਲੇ ਪਤੀ ਲਈ ਭਾਰਤ ਤੋਂ ਹੀ ਕੁੜਤਾ ਪਜਾਮਾ ਤੇ ਜੁੱਤੀ ਵੀ ਲੈ ਕੇ ਗਈ ਸੀ। ਜਦੋਂ ਇਸ ਬਾਰੇ ਹੋਰਾਂ ਨੇ ਪੁੱਛਿਆ ਤਾਂ ਉਸ ਨੇ ਇਹ ਬਹਾਨਾ ਲਾ ਦਿੱਤਾ ਕਿ ਇਹ ਉਸ ਦੇ ਸਹੁਰੇ ਦੇ ਪਾਕਿਸਤਾਨ ਰਹਿੰਦੇ ਭਰਾ ਲਈ ਹੈ। ਇੰਨਾ ਹੀ ਨਹੀਂ ਅਮਰਜੀਤ ਕੌਰ ਮੁਤਾਬਕ ਕਿਰਨ ਬਾਲਾ ਵਿਆਂਹਦੜ ਕੁੜੀ ਵਾਂਗ ਹੇਅਰ ਸਟ੍ਰੇਟਨਰ ਤੇ ਚੂੜਾ ਆਦਿ ਵੀ ਲੈ ਕੇ ਗਈ ਸੀ। ਉਨ੍ਹਾਂ ਦੱਸਿਆ ਕਿ ਜਿਸ ਦਿਨ ਕਿਰਨ ਉੱਥੋਂ ਫ਼ਰਾਰ ਹੋਈ ਸੀ, ਉਸ ਤੋਂ ਬਾਅਦ ਜਦੋਂ ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਨੇ ਉਸ ਦਾ ਸਮਾਨ ਜਾਂਚਿਆ ਤਾਂ ਇੱਕ ਮੋਬਾਈਲ ਬਰਾਮਦ ਹੋਇਆ, ਜਿਸ ਵਿੱਚ ਪਾਕਿਸਤਾਨੀ ਨੰਬਰ ਵੀ ਸਨ। ਅਮਰਜੀਤ ਕੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਕਿਹਾ ਕਿ ਪਾਕਿਸਤਾਨ ਜਾਣ ਵਾਲਾ ਜੱਥਾ ਅਟਾਰੀ ਸਰਹੱਦ ਪਾਰ ਕਰਨ ਤੋਂ ਬਾਅਦ ਐਸਜੀਪੀਸੀ ਦਾ ਜਥੇ ਨਾਲੋਂ ਸੰਪਰਕ ਟੁੱਟ ਜਿਹਾ ਜਾਂਦਾ ਹੈ ਤੇ ਸਾਰੀ ਯਾਤਰਾ ਪਾਕਿਸਤਾਨ ਸਰਕਾਰ ਸਾਰੀ ਦੇਖਰੇਖ ਵਿੱਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦ ਕਿਰਨ ਬਾਲਾ ਦੇ ਇਸ ਤਰ੍ਹਾਂ ਨੱਸ ਜਾਣ ਤੋਂ ਬਾਅਦ ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਇਸੇ ਲਈ ਸਰਕਾਰ ਵੀਜ਼ਾ ਦੇਣ ਤੋਂ ਕਤਰਾਉਂਦੀ ਹੈ। ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੀ ਰਹਿਣ ਵਾਲੀ ਕਿਰਨ ਬਾਲਾ ਨੇ ਵਿਸਾਖੀ ਮਨਾਉਣ ਗਏ ਸਿੱਖ ਜੱਥੇ ਦੀ ਆੜ ਵਿੱਚ ਪਾਕਿਸਤਾਨ ਜਾ ਕੇ ਧਰਮ ਪਰਿਵਰਤਨ ਕਰ ਕੇ ਮੁਹੰਮਦ ਆਜ਼ਮ ਨਾਲ ਨਿਕਾਹ ਕਰਵਾ ਲਿਆ ਸੀ। ਨਿਕਾਹ ਤੋਂ ਬਾਅਦ ਉਸ ਨੇ ਆਪਣਾ ਨਾਂ ਵੀ ਆਮਨਾ ਬੀਬੀ ਰੱਖ ਲਿਆ। ਖ਼ੁਦ ਦੇ ਤਿੰਨ ਬੱਚਿਆਂ ਨੂੰ ਆਪਣੇ ਕਹਿਣ ਤੋਂ ਮੁਨਕਰ ਹੋਈ ਕਿਰਨ ਨੇ ਪਾਕਿਸਤਾਨੀ ਮੀਡੀਆ ਵਿੱਚ ਆ ਕੇ ਐਲਾਨ ਕੀਤਾ ਸੀ ਕਿ ਉਹ ਪਾਕਿਸਤਾਨ ਆਪਣੇ ਪ੍ਰੇਮ ਕਰਕੇ ਆਈ ਹੈ ਤੇ ਜੱਥੇ ਤੋਂ ਬਿਨਾ ਉਹ ਇੱਥੇ ਆ ਨਹੀਂ ਸੀ ਸਕਦੀ। ਨਿਕਾਹ ਕਰਵਾਉਣ ਤੋਂ ਬਾਅਦ ਕਿਰਨ ਉਰਫ਼ ਆਮਨਾ ਦੀ ਵੀਜ਼ਾ ਮਿਆਦ ਵੀ ਵਧ ਗਈ ਹੈ। ਕਿਰਨ ਬਾਲਾ ਉਰਫ਼ ਆਮਨਾ ਤੇ ਉਸ ਦੇ ਸ਼ੌਹਰ ਮੁਹੰਮਦ ਆਜ਼ਮ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਨੈਟਵਰਕ ਦਾ ਹਿੱਸਾ ਤਾਂ ਨਹੀਂ, ਇਸ ਸਵਾਲ ਦੇ ਜਵਾਬ ਦੀ ਭਾਲ ‘ਚ ਏਬੀਪੀ ਸਾਂਝਾ ਦੀ ਪੜਤਾਲ ਜਾਰੀ ਹਹੇਗੀ।