ਮੰਤਰੀ ਬਣਦਿਆਂ ਹੀ ਕਾਂਗੜ ਨੇ ਕੀਤੇ ਬਿਜਲੀ ਮੁਲਾਜ਼ਮ ਖੁਸ਼!
ਏਬੀਪੀ ਸਾਂਝਾ | 27 Apr 2018 05:58 PM (IST)
ਬਠਿੰਡਾ: ਕੈਪਟਨ ਸਰਕਾਰ ਨੇ ਲੋਕ ਰੋਹ ਨੂੰ ਸ਼ਾਂਤ ਕਰਨ ਦੀ ਕਵਾਇਦ ਵਿੱਢ ਦਿੱਤੀ ਹੈ। ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਧਿਆਪਕਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਵਾਇਆ, ਉੱਥੇ ਬਠਿੰਡਾ ਪਹੁੰਚੇ ਨਵੇਂ ਬਣੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਥਰਮਲ ਪਲਾਂਟ ਦੇ ਠੇਕਾ ਮੁਲਾਜ਼ਮਾਂ ਨੂੰ ਨਵੇਂ ਸਿਰੇ ਤੋਂ ਨਿਯੁਕਤੀ ਪੱਤਰ ਵੰਡੇ। ਕਾਂਗੜ ਨੇ ਥਰਮਲ ਪਲਾਂਟ ਦੇ 635 ਠੇਕਾ ਮੁਲਾਜ਼ਮਾਂ ਵਿੱਚੋਂ 183 ਨੂੰ ਟਿਸਕੋ ਕੰਪਨੀ ਤਹਿਤ ਨਿਯੁਕਤੀ ਪੱਤਰ ਦਿੱਤੇ। ਉਨ੍ਹਾਂ ਕਿਹਾ ਕਿ ਬਾਕੀ ਮੁਲਾਜ਼ਮਾਂ ਨੂੰ ਵੀ ਜਲਦ ਨਿਯੁਕਤੀ ਪੱਤਰ ਵੰਡੇ ਜਾਣਗੇ। ਯਾਦ ਰਹੇ ਇਹ ਮੁਲਾਜ਼ਮ ਥਰਮਲ ਪਲਾਂਟ ਦੇ ਯੂਨਿਟ ਬੰਦ ਕਰਨ ਖਿਲਾਫ ਸੰਘਰਸ਼ ਕਰ ਰਹੇ ਸੀ। ਕਾਂਗੜ ਨੇ ਕਿਹਾ ਕਿ ਥਰਮਲ ਪਲਾਂਟ ਬੰਦ ਕਰਨ ਦਾ ਫੈਸਲਾ ਕਾਂਗਰਸ ਸਰਕਾਰ ਨੇ ਨਹੀਂ ਸਗੋਂ ਪਹਿਲੀ ਅਕਾਲੀ-ਬੀਜੇਪੀ ਸਰਕਾਰ ਨੇ ਕੀਤਾ ਸੀ। ਕਾਂਗੜ ਨੇ ਵਧਦੀਆਂ ਬਿਜਲੀ ਦਰਾਂ 'ਤੇ ਫਿਕਰ ਪ੍ਰਗਟਾਇਆ ਤੇ ਕਿਹਾ ਕਿ ਉਹ ਇਸ ਬਾਰੇ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਉਹ ਨਹੀਂ ਜਾਣਦੇ ਬਿਜਲੀ ਸਰਪਲੱਸ ਹੈ ਜਾਂ ਨਹੀਂ ਪਰ ਕਿਸਾਨਾਂ ਨੂੰ ਬਿਜਲੀ ਨਿਰਵਿਘਨ ਮਿਲੇਗੀ।