ਪਟਿਆਲਾ: ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਮਿਲਣ ਵਾਲੀਆਂ ਸੁੱਖ ਸਹੂਲਤਾਂ 'ਤੇ ਨੱਥ ਪਾਉਣ ਲਈ ਅੱਜ ਸੰਗਰੂਰ ਜੇਲ੍ਹ ਵਿੱਚ ਸੁਵਖ਼ਤੇ ਹੀ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਗਈ। ਇਹ ਛਾਪਾ ਗੈਂਗਰਸਟਰ ਰਵੀ ਦਿਓਲ ਵੱਲੋਂ ਕਥਿਤ ਤੌਰ 'ਤੇ ਜੇਲ੍ਹ ਵਿੱਚੋਂ ਸੋਸ਼ਲ ਮੀਡੀਆ ਦੀ ਵਰਤੋਂ ਕੀਤੇ ਜਾਣ ਤੋਂ ਬਾਅਦ ਮਾਰਿਆ ਗਿਆ।   ਰਵੀ ਦਿਓਲ ਦੀ ਫੇਸਬੁੱਕ ਬੀਤੀ 22 ਤੇ 11 ਅਪ੍ਰੈਲ ਵਾਲੇ ਦਿਨ ਅਪਡੇਟ ਕੀਤੀ ਗਈ ਹੈ। ਖ਼ਦਸ਼ਾ ਸੀ ਕਿ ਉਸ ਨੇ ਇਹ ਕੰਮ ਜੇਲ੍ਹ ਵਿੱਚੋਂ ਹੀ ਕੀਤਾ ਹੈ, ਇਸ ਦੀ ਜਾਂਚ ਲਈ ਅੱਜ ਤਕਰੀਬਨ 150 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਸਵੇਰੇ ਸਾਢੇ ਚਾਰ ਵਜੇ ਸੰਗਰੂਰ ਜੇਲ੍ਹ ਵਿੱਚ ਰੇਡ ਕੀਤੀ। ਕੁੱਲ 12 ਪੁਲਿਸ ਪਾਰਟੀਆਂ ਬਣਾਈਆਂ ਗਈਆਂ ਜਿਨ੍ਹਾਂ ਦੀ ਅਗਵਾਈ ਪੁਲਿਸ ਕਪਤਾਨ ਤੋਂ ਲੈ ਕੇ ਥਾਣੇਦਾਰ ਦੇ ਅਹੁਦਿਆਂ 'ਤੇ ਤਾਇਨਾਤ ਅਧਿਕਾਰੀਆਂ ਨੇ ਕੀਤੀ। ਵੱਡੇ ਪੱਧਰ 'ਤੇ ਮਾਰੇ ਇਸ ਛਾਪੇ ਵਿੱਚ ਪੁਲਿਸ ਹੱਥ ਕੁਝ ਨਹੀਂ ਲੱਗਾ। ਤਕਰੀਬਨ ਪੰਜ ਘੰਟੇ ਚੱਲੇ ਇਸ ਸਰਚ ਆਪ੍ਰੇਸ਼ਨ ਵਿੱਚ ਪੁਲਿਸ ਨੇ ਖਾਸ ਤੌਰ 'ਤੇ ਗੈਂਗਸਟਰ ਰਵੀ ਦਿਓਲ ਦੀ ਬੈਰਕ ਦੀ ਹੀ ਛਾਣਬੀਣ ਕੀਤੀ। ਗੈਂਗਸਟਰ ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਰਵੀ ਦਿਓਲ ਨੇ ਵੀ ਅਦਾਲਤ ਵਿੱਚ ਸਮਰਪਣ ਕਰ ਦਿੱਤਾ ਸੀ ਤੇ ਉਦੋਂ ਤੋਂ ਹੀ ਉਹ ਸੰਗਰੂਰ ਜੇਲ੍ਹ ਵਿੱਚ ਬੰਦ ਹੈ। ਸੋਸ਼ਲ ਮੀਡੀਆ 'ਤੇ ਉਹ ਕਾਫੀ ਅਪਡੇਟ ਰਹਿੰਦਾ ਹੈ ਤੇ ਉਸ ਨੇ ਆਪਣਾ ਸਮਰਪਣ ਵੀ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਨ ਤੋਂ ਬਾਅਦ ਹੀ ਕੀਤਾ ਸੀ। ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਇਸੇ ਮਹੀਨੇ ਉਸ ਦੀ ਫੇਸਬੁੱਕ 'ਤੇ ਪਾਏ ਗਏ ਸੁਨੇਹਿਆਂ ਨੇ ਜੇਲ੍ਹ ਪ੍ਰਸ਼ਾਸਨ ਨੂੰ ਸਖ਼ਤੀ ਵਰਤਣ ਲਈ ਮਜਬੂਰ ਕਰ ਦਿੱਤਾ। ਬੀਤੀ 21 ਅਪ੍ਰੈਲ ਨੂੰ ਜੇਲ੍ਹ ਮੰਤਰੀ ਦਾ ਕਾਰਜਭਾਰ ਸਾਂਭਣ ਤੋਂ ਬਾਅਦ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਪੁਲਿਸ ਅਧਿਕਾਰੀਆਂ ਤੇ ਜੇਲ੍ਹ ਪ੍ਰਸ਼ਾਸਨ ਨੂੰ ਵਾਹਣੀ ਪਾਇਆ ਹੋਇਆ। ਪਹਿਲਾਂ ਉਨ੍ਹਾਂ ਨੂੰ ਮੰਤਰੀ ਬਣਨ 'ਤੇ ਜੇਲ੍ਹ ਵਿੱਚੋਂ ਹੀ ਵਧਾਈ ਸੰਦੇਸ਼ ਆਏ ਤੇ ਹੁਣ ਗੈਂਗਸਟਰ ਦੀ ਫੇਸਬੁੱਕ ਅਪਡੇਟ ਹੋਣ ਤੋਂ ਬਾਅਦ ਮੰਤਰੀ ਨੇ ਕਾਫੀ ਸਖ਼ਤੀ ਦਿਖਾਈ ਹੈ। ਅੱਜ ਪਟਿਆਲਾ ਜੇਲ੍ਹ ਵਿੱਚ ਪਾਸਿੰਗ ਪਰੇਡ ਦੀ ਸਲਾਮੀ ਤੋਂ ਬਾਅਦ ਜੇਲ੍ਹ ਮੰਤਰੀ ਨੇ ਕਿਹਾ ਕਿ ਜੇਲ੍ਹਾਂ 'ਚੋਂ ਬਾਹਰ ਆ ਕੇ ਹੀਰੋਗਿਰੀ ਕਰਨ ਵਾਲਿਆਂ ਦੀ ਹੀਰੋਗਿਰੀ ਛੇਤੀ ਹੀ ਖ਼ਤਮ ਹੋ ਜਾਵੇਗੀ। ਉਨ੍ਹਾਂ ਰਵੀ ਦਿਓਲ ਤੇ ਬਗੀਚਾ ਸਿੰਘ ਵੜੈਚ ਵੱਲੋਂ ਸੋਸ਼ਲ ਮੀਡੀਆ ਵਰਤਣ ਦੇ ਮੁੱਦੇ 'ਤੇ ਕਿਹਾ ਕਿ ਜੇਲ੍ਹਾਂ ਵਿੱਚ ਚੱਲ ਰਹੇ ਸਾਰੇ ਗ਼ੈਰ ਕਾਨੂੰਨੀ ਕੰਮ ਛੇਤੀ ਬੰਦ ਹੋ ਜਾਣਗੇ।