ਲੁਧਿਆਣਾ: ਵਾਲਮਿਕੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਇੱਥੋਂ ਦੇ ਸਰਕਿਟ ਹਾਊਸ ਵਿੱਚ ਭਾਈਚਾਰੇ ਦੇ ਵਕੀਲ ਨਾਲ ਸਮਝੌਤਾ ਕਰ ਲਿਆ ਹੈ।   ਸਮਝੌਤੇ ਤੋਂ ਬਾਅਦ ਰਾਖੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਵਾਲਮਿਕੀ ਭਗਵਾਨ ਵਿੱਚ ਆਸਥਾ ਹੈ ਤੇ ਨਰੇਂਦਰ ਆਦਿਆ ਵੀ ਉਨ੍ਹਾਂ ਦੇ ਭਰਾ ਵਾਂਗ ਹਨ। ਅੱਜ ਉਨ੍ਹਾਂ ਵਕੀਲ ਆਦਿਆ ਨਾਲ ਰਾਜੀਨਾਮੇ 'ਤੇ ਦਸਤਖ਼ਤ ਕੀਤੇ। ਵਕੀਲ ਨਰੇਂਦਰ ਆਦਿਆ ਨੇ ਜੁਲਾਈ 2016 ਦੌਰਾਨ ਰਾਖੀ ਸਾਵੰਤ ਵਿਰੁੱਧ ਵਾਲਮਿਕੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਅਦਾਲਤ ਵਿੱਚ ਸ਼ਿਕਾਇਤ ਦਿੱਤੀ ਸੀ। ਸ਼ੁੱਕਰਵਾਰ ਨੂੰ ਉਨ੍ਹਾਂ ਦੱਸਿਆ ਕਿ ਰਾਖੀ ਨੇ ਉਦੋਂ ਵੀ ਵਾਲਮਿਕੀ ਭਾਈਚਾਰੇ ਤੋਂ ਮੁਆਫ਼ੀ ਮੰਗ ਲਈ ਸੀ। ਉਨ੍ਹਾਂ ਦੱਸਿਆ ਕਿ ਇਹ ਬਾਅਦ ਵਿੱਚ ਪਤਾ ਲੱਗਾ ਕਿ ਰਾਖੀ ਵੀ ਵਾਲਮਿਕੀ ਸਮਾਜ ਤੋਂ ਆਉਂਦੇ ਹਨ। ਦੋਵਾਂ ਧਿਰਾਂ ਨੇ ਅੱਜ ਸਮਝੌਤੇ 'ਤੇ ਦਸਤਖ਼ਤ ਕਰ ਲਏ, ਜਿਸ ਨੂੰ ਅਦਾਲਤ ਵਿੱਚ ਜਮ੍ਹਾ ਕਰਵਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਮਾਮਲੇ ਦੀ ਅਗਲੀ ਤਾਰੀਖ਼ ਮੌਕੇ ਆਦੀਆ ਦੀ ਸ਼ਿਕਾਇਤ ਵਾਪਸ ਹੋ ਜਾਵੇਗੀ।