ਚੰਡੀਗੜ੍ਹ: ਫੇਮਸ ਪੰਜਾਬੀ ਸਿੰਗਰ ਮਿਸ ਪੂਜਾ ਦੇ ਫੈਨਸ ਲਈ ਬੁਰੀ ਖ਼ਬਰ ਹੈ। ਸਿੰਗਰ ਤੇ ਡਾਂਸਰ ਸਪਨਾ ਚੌਧਰੀ ਦੀ ਤਰ੍ਹਾਂ ਸਿੰਗਰ ਮਿਸ ਪੂਜਾ ‘ਤੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਜਾਵੇਗਾ। ਪੰਜਾਬੀ ਗਾਣੇ 'ਜੀਜੂ ਕੀ ਕਰਦਾ' 'ਚ ਆਪਣੇ ਆਨਸਕ੍ਰੀਨ ਪਤੀ ਤੋਂ ਦੁਖੀ ਹੋਣ ਤੋਂ ਬਾਅਦ ਗਾਇਕਾ ਮਿਸ ਪੂਜਾ ਲਈ ਰੀਅਲ ਲਾਈਫ ਵਿੱਚ ਵੀ ਦੁਖੀ ਹੋਣ ਦਾ ਕਾਰਨ ਉਸ ਦਾ ਇਹੀ ਗੀਤ ਬਣਨ ਜਾ ਰਿਹਾ ਹੈ।

 

ਗੀਤ 'ਚ ਹਿੰਦੂ ਦੇਵੀ-ਦੇਵਤਿਆਂ ਦੇ ਕਥਿਤ ਮਾੜੇ ਚਿਤਰਨ ਨੂੰ ਲੈ ਕੇ ਸਥਾਨਕ ਵਕੀਲ ਦੀ ਪਟੀਸ਼ਨ 'ਤੇ ਅਦਾਲਤ ਨੇ ਮਿਸ ਪੂਜਾ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਹੈ।



ਇਸੇ ਮਾਮਲੇ ਵਿੱਚ ਉਕਤ ਗੀਤ 'ਚ ਅਦਾਕਾਰੀ ਕਰਨ ਵਾਲੇ ਪੰਜਾਬੀ ਅਦਾਕਾਰ ਹਰੀਸ਼ ਵਰਮਾ, ਵੀਡੀਓਗ੍ਰਾਫਰ ਪੁਨੀਤ ਸਿੰਘ ਬੇਦੀ ਤੇ ਗੀਤ ਜਾਰੀ ਕਰਨ ਵਾਲੀ ਸਪੀਡ ਰਿਕਾਰਡਜ਼ ਮਿਊਜ਼ੀਕਲ ਕੰਪਨੀ ਨੂੰ ਦੋਸ਼ੀ ਬਣਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਨੰਗਲ ਦੀ ਸਥਾਨਕ ਅਦਾਲਤ ਨੇ 27 ਅਪ੍ਰੈਲ ਨੂੰ ਇੱਥੇ ਮਿਸ ਪੂਜਾ ਦੇ ਨਾਲ-ਨਾਲ ਇਨ੍ਹਾਂ ਵਿਅਕਤੀਆਂ 'ਤੇ ਨੰਗਲ ਪੁਲਿਸ ਨੂੰ ਮਾਮਲਾ ਦਰਜ ਕਰਨ ਦਾ ਹੁਕਮ ਦਿੱਤੇ ਹਨ।

ਮਾਮਲੇ 'ਚ ਕੋਰਟ ਨੇ ਪੁਲਿਸ ਨੂੰ ਧਾਰਾ 295 A, 499, 500 ਆਈਪੀਸੀ ਤਹਿਤ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਦੂਜੇ ਪਾਸੇ ਥਾਣਾ ਇੰਚਾਰਜ ਸੰਨੀ ਖੰਨਾ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਅਜੇ ਕੋਰਟ ਦਾ ਕੋਈ ਆਰਡਰ ਨਹੀਂ ਆਇਆ। ਆਰਡਰ ਆਉਣ ਤੇ FIR ਦਰਜ ਕੀਤੀ ਜਾਵੇਗੀ।