ਚੰਡੀਗੜ੍ਹ: ਪੰਜਾਬੀਆਂ ਨੂੰ ਆਪਣੀ ਗਾਇਕੀ ਜ਼ਰੀਏ ਵਿਰਸੇ ਨਾਲ ਜੋੜਨ ਵਾਲੇ ਵਾਰਿਸ ਭਰਾਵਾਂ ਨੂੰ ਡੂੰਘਾ ਸਦਮਾ ਲੱਗਾ ਹੈ। ਸੰਖੇਪ ਬਿਮਾਰੀ ਦੇ ਚੱਲਦਿਆਂ 26 ਅਪ੍ਰੈਲ ਨੂੰ ਉਨ੍ਹਾਂ ਦੇ ਪਿਤਾ ਦਿਲਬਾਗ ਸਿੰਘ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਦਿਲਬਾਗ ਸਿੰਘ ਆਪਣੇ ਜੱਦੀ ਪਿੰਡ ਹੱਲੂਵਾਲ, ਹੁਸ਼ਿਆਰਪੁਰ ਵਿਖੇ ਰਹਿੰਦੇ ਸੀ। ਉਨ੍ਹਾਂ ਦੀ ਮੌਤ ਨਾਲ ਨਾ ਸਿਰਫ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਨੂੰ ਸਦਮਾ ਲੱਗਾ ਹੈ, ਸਗੋਂ ਉਨ੍ਹਾਂ ਦੇ ਚਾਹੁਣ ਵਾਲੇ ਵੀ ਇਸ ਖਬਰ ਨਾਲ ਦੁਖੀ ਹਨ।



ਵਾਰਿਸ ਭਰਾਵਾਂ ਨੇ ਹਮੇਸ਼ਾ ਸੱਭਿਆਚਾਰਕ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ ਹੈ। ‘ਪੰਜਾਬੀ ਵਿਰਸਾ’ ਸ਼ੋਅਜ਼ ਦੀ ਲੜੀ ਦਾ ਇਹ ਲਗਾਤਾਰ 14ਵਾਂ ਸਾਲ ਹੈ ਤੇ ਮੌਜੂਦਾ ਸਮੇਂ ਪੰਜਾਬੀ ਵਿਰਸਾ ਸ਼ੋਅਜ਼ ਦੀ ਮਕਬੂਲੀਅਤ ਪੰਜਾਬੀਆਂ ਦੇ ਸਿਰ ਚੜ੍ਹ ਬੋਲ ਰਹੀ ਹੈ।

ਕੈਨੇਡਾ ਵੱਸਦੇ ਪੰਜਾਬੀਆਂ ਨੂੰ ਆਪਣੀ ਗਾਇਕੀ ਨਾਲ ਝੂਮਣ ਲਈ ਮਜਬੂਰ ਕਰ ਰਹੇ ਵਾਰਿਸ ਭਰਾਵਾਂ ਦੇ ਹਰ ਸ਼ੋਅ ਨੂੰ ਮਿਲ ਰਹੀ ਸਫਲਤਾ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਭਾਵੇਂ ਕਈ ਲੋਕਾਂ ਵੱਲੋਂ ਗੀਤ ਸੰਗੀਤ ਦੇ ਬਦਲੇ ਮਿਜਾਜ਼ ਦੀ ਗੱਲ ਉਭਾਰੀ ਜਾ ਰਹੀ ਹੈ ਪਰ ਚੰਗੀ ਗਾਇਕੀ ਤੇ ਸ਼ਾਇਰੀ ਨੂੰ ਲੋਕ ਅੱਜ ਵੀ ਓਨਾ ਹੀ ਪਸੰਦ ਕਰਦੇ ਨੇ ਜਿੰਨਾ ਪਹਿਲਾਂ ਕਰਦੇ ਸੀ।



27 ਅਪ੍ਰੈਲ ਨੂੰ ਦਿਲਬਾਗ ਸਿੰਘ ਨੂੰ ਉਨ੍ਹਾਂ ਦੇ ਜੱਦੀ ਪਿੰਡ ਅੰਤਿਮ ਵਿਦਾਈ ਦਿੱਤੀ ਜਾਵੇਗੀ, ਜਿਸ 'ਚ ਨਾ ਸਿਰਫ ਉਨ੍ਹਾਂ ਦੇ ਰਿਸ਼ਤੇਦਾਰ ਸਗੋਂ ਪਾਲੀਵੁੱਡ ਜਗਤ ਦੇ ਵੀ ਕਈ ਸਿਤਾਰੇ ਮੌਜੂਦ ਹੋਣਗੇ।