Amritpal Singh: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਨੇ ਸੁਰੱਖਿਆ ਏਜੰਸੀਆਂ ਦੀ ਸਿਰਦਰਦੀ ਹੋਰ ਵਧਾ ਦਿੱਤੀ ਹੈ। ਸੂਤਰਾਂ ਮੁਤਾਬਕ ਇਹ ਵੀਡੀਓ ਪੰਜਾਬ ਨਹੀਂ ਸਗੋਂ 28 ਮਾਰਚ ਨੂੰ ਉੱਤਰ ਪ੍ਰਦੇਸ਼ ਵਿੱਚ ਰਿਕਾਰਡ ਕੀਤੀ ਗਈ ਸੀ। ਇਨ੍ਹਾਂ ਹੀ ਨਹੀਂ ਇਹ ਵੀਡੀਓ ਕੈਨੇਡਾ, ਯੂਕੇ ਤੇ ਦੁਬਈ ਦੇ ਬ੍ਰਾਡਕਾਸਟ ਹੋਈ ਸੀ। ਇਸ ਮਗਰੋਂ ਸੁਰੱਖਿਆ ਏਜੰਸੀਆਂ ਹੋਰ ਅਲਰਟ ਹੋ ਗਈਆਂ ਹਨ।
ਇਹ ਵੀ ਪੜ੍ਹੋ: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅਲਟੀਮੇਟਮ ਮਗਰੋਂ ਸਰਕਾਰ ਪਈ ਨਰਮ, 348 ਨੌਜਵਾਨ ਕੀਤੇ ਰਿਹਾਅ
ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਨੇ ਬੁੱਧਵਾਰ ਨੂੰ ਇੱਕ ਵੀਡੀਓ ਜਾਰੀ ਕੀਤੀ ਹੈ। ਸੂਤਰਾਂ ਮੁਤਾਬਕ ਇਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ 28 ਮਾਰਚ ਨੂੰ ਰਿਕਾਰਡ ਕੀਤੀ ਗਈ ਸੀ ਤੇ ਨੇਪਾਲ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਇਲਾਕੇ ਵਿੱਚ ਸ਼ੂਟ ਕੀਤਾ ਗਿਆ ਸੀ। ਇਹ ਵੀ ਖੁਲਾਸਾ ਹੋਇਆ ਹੈ ਕਿ ਇਹ ਵੀਡੀਓ ਦੇਸ਼ ਤੋਂ ਬਾਹਰ ਪ੍ਰਸਾਰਿਤ ਕੀਤੀ ਗਈ ਸੀ। ਸੂਤਰਾਂ ਮੁਤਾਬਕ ਪੁਲਿਸ ਨੇ ਤਿੰਨ ਆਈਪੀ ਐਡਰੈਸ ਦੀ ਪਛਾਣ ਕੀਤੀ ਹੈ, ਜੋ ਕੈਨੇਡਾ, ਯੂਕੇ ਤੇ ਦੁਬਈ ਦੇ ਹਨ। ਇਨ੍ਹਾਂ ਦੇਸ਼ਾਂ ਵਿੱਚ ਵੀਡੀਓ ਇੰਟਰਨੈੱਟ 'ਤੇ ਪਾਏ ਗਏ ਸਨ।
ਅੰਮ੍ਰਿਤਪਾਲ ਸਿੰਘ ਨੇ ਵੀਡੀਓ ਸੁਨੇਹੇ ਜ਼ਰੀਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ’ਤੇ ਚਰਚਾ ਲਈ ਅਗਲੇ ਮਹੀਨੇ ਵਿਸਾਖੀ ਦਿਹਾੜੇ ’ਤੇ ਸਰਬੱਤ ਖ਼ਾਲਸਾ ਸੱਦਣ। ਉਸ ਨੇ ਕਿਹਾ ਕਿ ਲੋਕ ਪਹਿਲਾਂ ਹੀ ਜਾਗਰੂਕ ਹਨ ਜਿਸ ਕਰਕੇ ਜਥੇਦਾਰ ਹੁਣ ਲੋਕ ਮਨਾਂ ਵਿਚ ਬਣੇ ਖੌਫ਼ ਨੂੰ ਤੋੜਨ ਲਈ ਅਗਵਾਈ ਕਰਨ।
ਉਨ੍ਹਾਂ ਕਿਹਾ ਕਿ ਜੇ ਜਵਾਨੀ ਤੇ ਪੰਜਾਬ ਨੂੰ ਬਚਾਉਣਾ ਹੈ ਤਾਂ ਭਾਈਚਾਰੇ ਨੂੰ ਛੋਟੇ ਮੋਟੇ ਧਰਨਿਆਂ ਤੇ ਮੋਰਚਿਆਂ ਦੀ ਥਾਂ ਉਸੇ ਤਰ੍ਹਾਂ ਸਰਬੱਤ ਖ਼ਾਲਸਾ ਵਿਚ ਹਿੱਸਾ ਲੈਣਾ ਚਾਹੀਦਾ ਹੈ ਜਿਵੇਂ ਅਬਦਾਲੀ ਦੁਆਰਾ ਸਿੱਖਾਂ ਦੀ ਨਸਲਕੁਸ਼ੀ ਕਰਨ ਤੋਂ ਬਾਅਦ ਸਰਬੱਤ ਖ਼ਾਲਸਾ ’ਚ ਇਕੱਠ ਹੋਇਆ ਸੀ। ਅੰਮ੍ਰਿਤਪਾਲ ਸਿੰਘ ਨੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਸਰਬੱਤ ਖ਼ਾਲਸਾ ਵਿਚ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਅਸੀਂ ਇਸ ਵੇਲੇ ਵੀ ਘਰਾਂ ਵਿਚ ਬੈਠੇ ਰਹੇ ਤਾਂ ਆਉਣ ਵਾਲੀ ਪੀੜ੍ਹੀ ਕਦੇ ਮੁਆਫ਼ ਨਹੀਂ ਕਰੇਗੀ।
ਅੰਮ੍ਰਿਤਪਾਲ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਫੜੇ ਗਏ ਸਿੰਘਾਂ ਦੀ ਰਿਹਾਈ ਲਈ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ, ਪਰ ਸਰਕਾਰ ਨੇ ਜਥੇਦਾਰ ਦੇ ਅਲਟੀਮੇਟਮ ਨੂੰ ਬੜੇ ਘਟੀਆ ਢੰਗ ਨਾਲ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਹੁਣ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ ਤੇ ਵਿਸਾਖੀ ’ਤੇ ਸਰਬੱਤ ਖ਼ਾਲਸਾ ਸੱਦਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਪਾਕਿ ਤਸਕਰਾਂ ਨੇ ਅੰਮ੍ਰਿਤਸਰ ਤੇ ਜਲਾਲਾਬਾਦ 'ਚ ਸੁੱਟੇ ਹਥਿਆਰ ਤੇ 2.8 ਕਿਲੋ ਹੈਰੋਇਨ