ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਵਿਦਿਆਰਥੀ ਆਗੂਆਂ ਨੇ ਹੋਰਨਾਂ ਲਈ ਮਿਸਾਲ ਬਣਦਿਆਂ ਕਿਸੇ ਵਾਧੂ ਖਰਚੇ ਤੋਂ ਬਗ਼ੈਰ ਤੇ ਕਿਸੇ ਸਮਾਜਕ, ਧਾਰਮਿਕ ਤੇ ਕਾਨੂੰਨੀ ਰਸਮ ਨਿਭਾਉਣ ਤੋਂ ਬਿਨਾ ਹੀ ਵਿਆਹ ਕਰ ਕੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਲਈ ਹੈ। ਪੰਜਾਬ ਵਿਦਿਆਰਥੀ ਯੂਨੀਅਨ ਦੇ ਸਿਖਰਲੇ ਆਗੂਆਂ ਨੇ ਸਿਰਫ ਸਵਾ ਤਿੰਨ ਸੌ ਰੁਪਏ ਖਰਚ ਕੇ ਇਹ ਨਵੀਂ ਪਿਰਤ ਪਾਈ ਹੈ।


ਪੰਜਾਬ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਰਣਬੀਰ ਸਿੰਘ ਰੰਧਾਵਾ ਤੇ ਮੀਤ ਪ੍ਰਧਾਨ ਹਰਦੀਪ ਕੌਰ ਕੋਟਲਾ ਨੇ ਇੱਕ-ਦੂਜੇ ਨੂੰ ਆਪਣਾ ਹਮਸਫਰ ਚੁਣਿਆ ਹੈ। ਰਣਬੀਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੁਰੜ ਵਿੱਚ ਜਨਮੇ ਤੇ ਅੱਜ ਕੱਲ੍ਹ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਦਾ ਵਾਸੀ ਹੈ ਤੇ ਹਰਦੀਪ ਕੌਰ ਮੋਗਾ ਜ਼ਿਲ੍ਹੇ ਦੇ ਕੋਟਲਾ ਪਿੰਡ ਨਾਲ ਸਬੰਧਤ ਹੈ। ਰਣਬੀਰ ਨੇ ਰੂਪਨਗਰ ਕਾਲਜ ਤੋਂ ਐਮਏ ਪੰਜਾਬੀ ਪਾਸ ਕੀਤੀ ਤੇ ਹੁਣ ਰਾਜਨੀਤੀ ਵਿਗਿਆਨ ਦੀ ਐਮਏ ਕਰ ਰਿਹਾ ਹੈ।


ਉੱਧਰ ਹਰਦੀਪ ਕੌਰ ਡਬਲ ਐਮਏ ਹੈ ਤੇ ਤੀਜੀ ਮਾਸਟਰ ਡਿਗਰੀ ਦੀ ਤਿਆਰੀ ਕਰ ਰਹੀ ਹੈ। ਉਸ ਦੇ ਮਨ 'ਤੇ ਗਦਰੀ ਬਾਬਿਆਂ ਦੇ ਸੰਘਰਸ਼ ਨੇ ਡੂੰਘਾ ਪ੍ਰਭਾਵ ਪਾਇਆ, ਸ਼ਾਇਦ ਇਸੇ ਲਈ ਉਹ ਕੈਨੇਡਾ ਵਿੱਚ ਸੈੱਟ ਪੂਰੇ ਪਰਿਵਾਰ ਕੋਲ ਨਾ ਵੱਸਣਾ ਚੁਣ ਕੇ ਇੱਥੇ ਹੀ ਆਪਣੀ ਜ਼ਿੰਦਗੀ ਗੁਲਜ਼ਾਰ ਕਰਨ ਵਿੱਚ ਰੁੱਝ ਗਈ। ਦੋਵੇਂ ਵਿਦਿਆਰਥੀ ਵਜੋਂ ਸਰਗਰਮ ਹੋਏ ਤੇ ਜਥੇਬੰਦੀ ਦੀਆਂ ਸਿਖਰਲੀਆਂ ਥਾਵਾਂ 'ਤੇ ਪਹੁੰਚੇ।


ਰਣਬੀਰ ਨੇ ਦੱਸਿਆ ਕਿ ਉਹ ਯੂਨੀਅਨ ਲਈ ਇਕੱਠੇ ਕੰਮ ਕਰਦੇ ਸਨ, ਪਰ ਵਿਆਹ ਬਾਰੇ ਕਦੇ ਨਹੀਂ ਸੀ ਸੋਚਿਆ। ਪਾਰਟੀ ਦੇ ਹੋਰਨਾਂ ਸਾਥੀਆਂ ਨੇ ਸਾਲ ਕੁ ਪਹਿਲਾਂ ਵਿਆਹ ਕਰਵਾਉਣ ਦੀ ਸਲਾਹ ਦਿੱਤੀ ਤੇ ਫਿਰ ਵਿਚਾਰਾਂ ਦਾ ਮੇਲ ਇਕੱਠਿਆਂ ਜ਼ਿੰਦਗੀ ਮਾਣਨ ਦਾ ਸਬੱਬ ਬਣ ਗਿਆ। ਰਣਬੀਰ ਨੇ ਦੱਸਿਆ ਕਿ ਦੋਵਾਂ ਨੇ ਕੋਰੋਨਾ ਸੰਕਟ ਕਰਕੇ ਨਹੀਂ ਬਲਕਿ ਆਪਣੀ ਮਰਜ਼ੀ ਨਾਲ ਸਾਦਾ ਵਿਆਹ ਕੀਤਾ ਹੈ।


ਪਾਰਟੀ ਦੇ ਕੁਝ ਹੋਰ ਲੀਡਰ ਮਹਿਮਾਨ ਵਜੋਂ ਸ਼ਰੀਕ ਹੋਏ ਤੇ ਦੋਵਾਂ ਨੇ ਲੱਡੂਆਂ ਤੇ ਦੋ ਹਾਰ ਖਰੀਦਣ 'ਤੇ ਸਿਰਫ 320 ਰੁਪਏ ਹੀ ਖ਼ਰਚ ਕੀਤੇ। ਇਹ ਨਾ ਸਮਝਣਾ ਕਿ ਜਥੇਬੰਦੀ ਵਿੱਚ ਇਕੱਠਿਆਂ ਕੰਮ ਕਰਦਿਆਂ ਦੋਵਾਂ ਦੀਆਂ ਅੱਖਾਂ ਚਾਰ ਹੋ ਗਈਆਂ ਹੋਣਗੀਆਂ। ਅਜਿਹੀ ਕੋਈ ਗੱਲ ਨਹੀਂ।


ਇਹ ਵੀ ਪੜ੍ਹੋ: 106 ਸਾਲਾ ਬਾਬੇ ਨੇ ਇੰਝ ਢਾਹਿਆ ਕਰੋਨਾ


ਦਰਅਸਲ ਸਮਾਜ ਤੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਬਣਿਆ ਇਹ ਜੋੜਾ ਦੇਸ਼ ਭਗਤਾਂ, ਗ਼ਦਰੀ ਬਾਬਿਆਂ ਦੇ ਜੀਵਨ ਤੇ ਸੰਘਰਸ਼ ਤੋਂ ਪ੍ਰਭਾਵਿਤ ਹੋ ਕੇ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ, ਨੌਜਵਾਨਾਂ ਦੇ ਘੋਲਾਂ ਵਿਚ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ। ਰਣਬੀਰ ਪਿੰਡ ਘੁਰੜ (ਬਰਨਾਲਾ) ਦਾ ਜੰਮਪਲ ਹੈ ਤੇ ਅੱਜ ਕੱਲ੍ਹ ਰੂਪਨਗਰ ਜ਼ਿਲ੍ਹੇ ਦੇ ਕਿਸਬੇ ਨੂਰਪੁਰ ਬੇਦੀ ਵਿਖੇ ਰਹਿ ਰਿਹਾ ਹੈ। ਉਹ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਐਮਏ ਰਾਜਨੀਤੀ ਸ਼ਾਸਤਰ ਦਾ ਵਿਦਿਆਰਥੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ